Posted inਬਰਨਾਲਾ ਬਰਨਾਲਾ ਵਿੱਚ ਸਿਵਲ ਡਿਫੈਂਸ ਵਲੰਟੀਅਰਾਂ ਨੂੰ ਦਿੱਤੀ ਗਈ ਮੁਢਲੀ ਸਹਾਇਤਾ ਦੀ ਟ੍ਰੇਨਿੰਗ Posted by overwhelmpharma@yahoo.co.in May 11, 2025 ਬਰਨਾਲਾ, 11 ਮਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਰੈੱਡ ਕਰਾਸ ਸੋਸਾਇਟੀ ਰਾਹੀਂ ਸਿਵਲ ਡਿਫੈਂਸ ਦੇ ਕਰੀਬ 100 ਵਾਰਡਨਾਂ, ਵਲੰਟੀਅਰਾਂ ਤੇ ਸ਼ਹਿਰ ਦੇ ਨਗਰ ਕੌਂਸਲਰਾਂ ਨੂੰ ਮੁਢਲੀ ਸਹਾਇਤਾ ਦੀ ਸਿਖਲਾਈ ਇੱਥੇ ਸ਼ਾਂਤੀ ਹਾਲ ਵਿੱਚ ਦਿੱਤੀ ਗਈ। ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੇ ਦੱਸਿਆ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਿਵਲ ਡਿਫੈਂਸ ਵਲੰਟੀਅਰਾਂ ਨੂੰ ਜਿੱਥੇ ਮੁਢਲੀ ਸਹਾਇਤਾ ਬਾਰੇ ਸਿਖਲਾਈ ਦਿੱਤੀ ਗਈ ਹੈ, ਓਥੇ ਬਲੈਕਆਊਟ ਦੇ ਸਮੇਂ ਲੋਕਾਂ ਨੂੰ ਜ਼ਰੂਰੀ ਇਹਤਿਆਤਾਂ ਬਾਰੇ ਜਾਗਰੂਕ ਕਰਨ ਬਾਰੇ, ਪ੍ਰਮਾਣਿਕ ਅਤੇ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਕਰਨ ਬਾਰੇ ਅਤੇ ਅਫਵਾਹਾਂ ਅਤੇ ਗ਼ਲਤ ਜਾਣਕਾਰੀ ਫੈਲਾਉਣ ਵਾਲਿਆਂ ਦੀ ਜਾਣਕਾਰੀ ਪ੍ਰਸ਼ਾਸਨ ਨਾਲ ਸਾਂਝੀ ਕਰਨ ਬਾਰੇ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਦੌਰਾਨ ਸਿਵਲ ਡਿਫੈਂਸ ਦੀ ਬਹੁਤ ਹੀ ਅਹਿਮ ਭੂਮਿਕਾ ਹੈ। ਕਿਸੇ ਵੀ ਵਿਅਕਤੀ ਨੂੰ ਜੇਕਰ ਸਮੇਂ ਸਿਰ ਮੁਢਲੀ ਸਹਾਇਤਾ ਮਿਲ ਜਾਵੇ ਤਾਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਡਿਫੈਂਸ ਟੀਮ ਨੂੰ ਪ੍ਰਮਾਣਿਕ ਜਾਣਕਾਰੀ ਦੀ ਪੁਸ਼ਟੀ ਕਰਕੇ ਇਸਨੂੰ ਆਮ ਲੋਕਾਂ ਨਾਲ ਸਾਂਝੀ ਕਰਨ ਬਾਰੇ ਵੀ ਦੱਸਿਆ ਗਿਆ। ਸਿਵਲ ਡਿਫੈਂਸ ਦੇ ਵਾਰਡਨਾਂ ਨੂੰ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੇਂ ਸਮੇਂ ‘ਤੇ ਜਾਰੀ ਹਦਾਇਤਾਂ ਦੀ ਕੰਟਰੋਲ ਰੂਮ ‘ਤੇ ਪੁਸ਼ਟੀ ਕਰਨ ਮਗਰੋਂ ਆਮ ਲੋਕਾਂ ਨਾਲ ਸਾਂਝੀ ਕਰਨ ਬਾਰੇ ਦੱਸਿਆ ਗਿਆ ਤਾਂ ਜੋ ਲੋਕਾਂ ਨੂੰ ਸਹੀ ਜਾਣਕਾਰੀ ਸਮੇਂ ਸਿਰ ਮਿਲ ਸਕੇ ਅਤੇ ਉਹ ਅਫਵਾਹਾਂ ਅਤੇ ਗ਼ਲਤ ਜਾਣਕਾਰੀ ਤੋਂ ਬਚਣ। ਮੁਢਲੀ ਸਹਾਇਤਾ ਦੀ ਸਿਖਲਾਈ ਰੈੱਡ ਕਰਾਸ ਤੋਂ ਮਾਸਟਰ ਟ੍ਰੇਨਰ ਅਸ਼ੀਸ਼ਪਾਲ ਵਲੋਂ ਦਿੱਤੀ ਗਈ। ਆਉਣ ਵਾਲੇ ਦਿਨਾਂ ਵਿਚ ਇਹ ਸਿਖਲਾਈ ਪੰਚਾਇਤ ਸਕੱਤਰਾਂ ਅਤੇ ਐਨਜੀਓਜ਼ ਨੂੰ ਵੀ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੇਂ ਸਮੇਂ ‘ਤੇ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਅਫ਼ਵਾਹਾਂ ‘ਤੇ ਯਕੀਨ ਨਾ ਕੀਤਾ ਜਾਵੇ। ਸਹੀ ਅਤੇ ਪ੍ਰਮਾਣਿਕ ਜਾਣਕਾਰੀ ਲਈ ਡੀਪੀਆਰਓ ਬਰਨਾਲਾ ਦੇ ਫੇਸਬੁੱਕ ਪੇਜ https://www.facebook.com/share/16HduP59Lw/ ਨਾਲ ਜੁੜੋ। ਉਨ੍ਹਾਂ ਕਿਹਾ ਕਿ ਕਿਸੇ ਵੀ ਐਮਰਜੈਂਸੀ ਲੋੜ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਕੰਟਰੋਲ ਰੂਮ ਦੇ ਸੰਪਰਕ ਨੰਬਰ 01679-233031, 97795-45100, 98726-00040 ‘ਤੇ ਸੰਪਰਕ ਕੀਤਾ ਜਾਵੇ। Post navigation Previous Post ਭਾਰਤੀ ਫ਼ੌਜ ਨਾਲ ਜੁੜੀ ਗੁਪਤ ਜਾਣਕਾਰੀ ਪਾਕਿਸਤਾਨ ਨੂੰ ਭੇਜਣ ਵਾਲੇ ਦੋ ਜਾਸੂਸ ਮਲੇਰਕੋਟਲਾ ਤੋਂ ਗ੍ਰਿਫ਼ਤਾਰNext Postਕੱਲ੍ਹ 12 ਮਈ ਤੋਂ ਖੁੱਲ੍ਹਣਗੇ ਪੰਜਾਬ ਦੇ ਸਾਰੇ ਸਕੂਲ ਤੇ ਕਾਲਜ