Posted inਬਰਨਾਲਾ ਸਰਕਾਰੀ ਹਸਪਤਾਲ ਬਰਨਾਲਾ ’ਚ ਪਰਚੀ ਲਈ ਲਗਦੀਆਂ ਲੰਮੀਆਂ ਲਾਈਨਾਂ ਤੋਂ ਲੋਕ ਡਾਢੇ ਦੁਖੀ Posted by overwhelmpharma@yahoo.co.in May 21, 2025 ਬਰਨਾਲਾ, 21 ਮਈ (ਰਵਿੰਦਰ ਸ਼ਰਮਾ) : ਇਕ ਤਾਂ ਅੱਤ ਦੀ ਗਰਮੀ ਤੇ ਉੱਤੋਂ ਬਰਨਾਲਾ ਦਾ ਸਰਕਾਰੀ ਹਸਪਤਾਲ, ਲੋਕ ਡਾਢੇ ਪਰੇਸ਼ਾਨ। ਲੋਕਾਂ ਦੀ ਇਸ ਪਰੇਸ਼ਾਨੀ ਦਾ ਵੱਡਾ ਕਾਰਨ ਸਿਵਲ ਹਸਪਤਾਲ ’ਚ ਸਹੂਲਤਾਂ ਦੀ ਘਾਟ ਹੈ। ਜਿਸ ਕਾਰਨ ਇਲਾਜ ਕਰਵਾਉਣ ਲਈ ਆ ਰਹੇ ਮਰੀਜ਼ ਹੋਰ ਬੀਮਾਰ ਹੋ ਰਹੇ ਹਨ। ਇੱਥੇ ਮਰੀਜ਼ਾਂ ਲਈ ਪਰਚੀ ਕਟਵਾਉਣਾ ਵੀ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਨਾ ਪੱਖੇ, ਨਾ ਛਾਂ ਅਤੇ ਨਾ ਹੀ ਪਾਣੀ ਦਾ ਕੋਈ ਪ੍ਰਬੰਧ ਹੈ। ਮਰੀਜ਼ਾਂ ਲਈ ਸਿਰਫ ਇੱਕੋ ਪਰਚੀ ਕਾਊਂਟਰ ਹੋਣ ਕਰਕੇ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ। ਅੱਤ ਦੀ ਗਰਮੀ ਉੱਪਰੋਂ ਲੰਮੀਆਂ ਲਾਈਨਾਂ ਕਾਰਨ ਚੱਕਰ ਵਿੱਚ ਮਰੀਜ਼ ਆਪਸ ਵਿੱਚ ਲੜਦੇ ਵੀ ਦਿਖਾਈ ਦੇ ਰਹੇ ਹਨ। ਮਰੀਜ਼ਾਂ ਵੱਲੋਂ ਸਰਕਾਰ ਤੋਂ ਗਰਮੀ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਅਤੇ ਪਰਚੀ ਕਾਊਂਟਰ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਦਵਾਈ ਲੈਣ ਲਈ ਆਏ ਮਰੀਜ਼ਾਂ ਸੁਖਵਿੰਦਰ ਸਿੰਘ, ਰਾਮ ਸਿੰਘ, ਸੰਤੋਸ਼ ਰਾਣੀ, ਰੀਨਾ ਕੁਮਾਰੀ ਨੇ ਪੰਜਾਬ ਨਿਊਜ਼ ਐਂਡ ਵਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਰਚੀ ਕਟਵਾਉਣ ਲਈ ਲੰਬੀਆਂ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਰਚੀ ਕੱਟਣ ਵਾਲਾ ਬਰਨਾਲਾ ਸਿਵਲ ਹਸਪਤਾਲ ਵਿੱਚ ਇੱਕ ਕਾਊਂਟਰ ਹੀ ਹੈ, ਜਦਕਿ ਇੰਨਾਂ ਇਕੱਠ ਹੋਣ ਦੇ ਬਾਵਜੂਦ ਘੱਟੋ ਘੱਟ ਤਿੰਨ ਕਾਊਂਟਰ ਪਰਚੀ ਕੱਟਣ ਵਾਲੇ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਪਰਚੀ ਕੱਟਣ ਵਾਲੀ ਜਗ੍ਹਾ ਉੱਪਰ ਨਾ ਤਾਂ ਕੋਈ ਪੱਖੇ ਦਾ ਪ੍ਰਬੰਧ ਅਤੇ ਨਾ ਹੀ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। – ਪਹਿਲਾਂ ਪਰਚੀ ਚੱਲਦੀ ਸੀ ਇਕ ਮਹੀਨਾ, ਹੁਣ ਤਿੰਨ ਦਿਨਾਂ ਬਾਅਦ ਹੀ ਕਰਵਾਉਣੀ ਪੈਂਦੀ ਹੈ ਰੀਨਿਊ ਦਵਾਈ ਲੈਣ ਆਏ ਲੋਕਾਂ ਨੇ ਕਿਹਾ ਕਿ ਪਹਿਲਾਂ ਪਰਚੀ ਇੱਕ ਮਹੀਨਾ ਚੱਲਦੀ ਰਹਿੰਦੀ ਸੀ, ਪਰ ਹੁਣ ਇਹ ਪਰਚੀ ਤਿੰਨ ਦਿਨਾਂ ਬਾਅਦ ਦੁਬਾਰਾ ਰੀਨਿਊ ਕਰਾਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਪਰਚੀ ਕੱਟਣ ਵਾਲੇ ਕਾਊਂਟਰ ਔਰਤਾਂ ਲਈ ਅਲੱਗ ਅਤੇ ਮਰਦਾਂ ਲਈ ਅਲੱਗ ਹੋਣੇ ਚਾਹੀਦੇ ਹਨ। ਪਰਚੀ ਕਟਵਾਉਣ ਲਈ ਦੋ ਤੋਂ ਚਾਰ ਘੰਟੇ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ। ਗਰਮੀ ਜਿਆਦਾ ਹੋਣ ਕਰਕੇ ਔਰਤਾਂ ਤੇ ਬਜ਼ੁਰਗਾਂ ਨੂੰ ਇਸ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਕਾਊਂਟਰ ਵਧਾ ਦਿੱਤੇ ਜਾਣ, ਤਾਂ ਇਸ ਮੁਸ਼ਕਿਲ ’ਤੇ ਕਾਬੂ ਪਾ ਲਿਆ ਜਾ ਸਕਦਾ ਹੈ। – ਕੁਝ ਕੁ ਦਿਨਾਂ ਵਿੱਚ ਵਧਾਏ ਜਾਣਗੇ ਕਾਉਂਟਰ : ਸਿਵਲ ਸਰਜਨ ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਜਿਹੜਾ ਓਪੀਡੀ ਪਰਚੀ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ, ਇਸ ਕਾਰਨ ਪਰਚੀ ਆਨਲਾਈਨ ਬਣਨੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਸਰਕਾਰੀ ਸੰਸਥਾਵਾਂ ਵੱਲ ਲੋਕਾਂ ਦਾ ਰੁਝਾਨ ਵਧ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਿੰਨ ਫਾਰਮੇਸੀ ਅਫਸਰ ਭੇਜੇ ਗਏ ਹਨ ਅਤੇ ਦੋ ਕੰਪਿਊਟਰ ਆਪਰੇਟਰ ਲਈ ਡਿਮਾਂਡ ਕੀਤੀ ਗਈ ਹੈ। ਬਰਨਾਲਾ ਡੀ.ਸੀ. ਵੱਲੋਂ ਦੋ ਕੰਪਿਊਟਰ ਦਿੱਤੇ ਜਾ ਰਹੇ ਹਨ, ਜਿਸ ਕਰਕੇ ਕੁਝ ਕੁ ਦਿਨਾਂ ਵਿੱਚ ਕਾਉਂਟਰ ਵਧਾਏ ਜਾਣਗੇ ਅਤੇ ਪਰਚੀ ਲੈਣ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਵੇਗੀ। ਬਲਜੀਤ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪਹਿਲਾਂ ਇੱਕ ਪਰਚੀ ਹੁੰਦੀ ਸੀ ਜੋ ਕਿ ਇੱਕ ਮਹੀਨਾ ਚੱਲਦੀ ਰਹਿੰਦੀ ਸੀ, ਪਰ ਹੁਣ ਫਿਰ ਤੋਂ ਦੁਬਾਰਾ ਐਂਟਰੀ ਕਰਾਉਣੀ ਪੈਂਦੀ ਹੈ, ਕਿਉਂਕਿ ਮੈਡੀਸਨ ਆਨਲਾਈਨ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਵਿੱਚ ਕਿਸੇ ਵੀ ਮਰੀਜ਼ ਦਾ ਕੋਈ ਪੈਸਾ ਨਹੀਂ ਲੱਗਦਾ। Post navigation Previous Post ਲੁਧਿਆਣਾ ਡੀਸੀ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਆਈ ਈਮੇਲ, ਪੁਲਿਸ ਨੇ ਚਲਾਇਆ ਸਰਚ ਅਭਿਆਨNext Postਭਰਾ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਮਾਰ ‘ਤੀ ਭੈਣ