ਹੁਣ ਤੱਕ ਪੰਜਾਬ ਦੀ ‘ਆਪ’ ਸਰਕਾਰ ਦੇ ਚਾਰ ਐਮਐਲਏ ਜਾ ਚੁੱਕੇ ਹਨ ਜੇਲ, 2 ਮੰਤਰੀਆਂ ਦੀ ਵੀ ਜਾ ਚੁੱਕੀ ਹੈ ਕੁਰਸੀ

ਚੰਡੀਗੜ੍ਹ, 24 ਮਈ (ਰਵਿੰਦਰ ਸ਼ਰਮਾ) : ਪੰਜਾਬ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਖ਼ੁਦ ਦੀ ਇਮਾਨਦਾਰੀ ਦਾ ਢਿੰਡੋਰਾ ਪਿੱਟ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ 3 ਸਾਲਾਂ ’ਚ ਜੇਲ੍ਹ ਜਾ ਚੁੱਕੇ ਹਨ, ਜਿੰਨ੍ਹਾਂ ’ਚੋਂ 3 ਨੂੰ ਖ਼ੁਦ ‘ਆਪ’ ਸਰਕਾਰ ਨੇ ਹੀ ਫੜਿਆ ਤੇ ਚੌਥੇ ਵਿਧਾਇਕ ਨੂੰ ਈ.ਡੀ. ਨੇ ਦਬੋਚਿਆ ਸੀ। ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੇ 2 ਮੰਤਰੀ ਵੀ ਵਿਵਾਦਾਂ ਕਾਰਨ ਆਪਣੀ ਕੁਰਸੀ ਗਵਾਂ ਚੁੱਕੇ ਹਨ। ਹਾਲਾਂਕਿ ਇੱਕ ਮੰਤਰੀ ਨੂੰ ਕੋਰਟ ਤੋਂ ਕਲੀਨ ਚਿੱਟ ਮਿਲ ਗਈ ਜਿਸ ਨਾਲ ਉਸਦੀ ਕੁਰਸੀ ਜਾਂਦੀ ਜਾਂਦੀ ਬਚ ਗਈ।

ਸਭ ਤੋਂ ਪਹਿਲਾਂ ਫਸੇ ਸਿਹਤ ਮੰਤਰੀ ਰਹੇ ਡਾ. ਵਿਜੇ ਸਿੰਗਲਾ

2022 ਦੀਆਂ ਚੋਣਾਂ ਵਿੱਚ ਭ੍ਰਿਸ਼ਟਾਚਾਰ ਦਾ ਮੁੱਦਾ ਕਾਫੀ ਗੂੰਜਿਆ ਸੀ। ਇਹੀ ਕਾਰਨ ਰਿਹਾ ਕਿ ਸਰਕਾਰ ਨੂੰ ਆਪਣੇ ਤਤਕਾਲੀ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਵੀ ਸਲਾਖਾਂ ਪਿੱਛੇ ਭੇਜਣਾ ਪਿਆ।ਉਨ੍ਹਾਂ ’ਤੇ ਦੋਸ਼ ਸੀ ਕਿ ਉਹ ਸਿਹਤ ਵਿਭਾਗ ਵਿੱਚ ਹਰ ਕੰਮ ਬਦਲੇ 1 ਪ੍ਰਤੀਸ਼ਤ ਕਮਿਸ਼ਨ ਮੰਗ ਰਹੇ ਸਨ। ਇਸ ਮਾਮਲੇ ’ਚ ਸਿੰਗਲਾ ਨੂੰ 8 ਜੁਲਾਈ 2022 ਨੂੰ ਜਮਾਨਤ ਮਿਲਣ ਤੋਂ ਬਾਅਦ ਉਹ ਚੋਣ ਹਲਕੇ ’ਚ ਸਰਗਰਮ ਰਹੇ ਅਤੇ ਸਰਕਾਰ ਦੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੁੰਦੇ ਰਹੇ

ਗ੍ਰਾਂਟ ’ਚ ਮੰਗੀ ਹਿੱਸੇਦਾਰੀ ਨੇ ਫ਼ਸਾਇਆ ਸੀ ਵਿਧਾਇਕ ਅਮਿਤ ਰਤਨ ਕੋਟਫ਼ੱਤਾ

ਦੂਜੇ ਨੰਬਰ ’ਤੇ ਹਨ ਪੰਜਾਬ ਦੀ ਬਠਿੰਡਾ ਪੇਂਡੂ ਵਿਧਾਨ ਸਭਾ ਸੀਟ ਤੋਂ ‘ਆਪ’ ਵਿਧਾਇਕ ਅਮਿਤ ਰਤਨ ਕੋਟਫ਼ੱਤਾ, ਜਿੰਨ੍ਹਾਂ ਨੂੰ ਪਿੰਡ ਦੀ ਗ੍ਰਾਂਟ ਜਾਰੀ ਕਰਵਾਉਣ ਬਦਲੇ ਹਿੱਸਾ ਮੰਗਣ ਦੇ ਦੋਸ਼ਾਂ ਹੇਠ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ। ਉਹਨਾਂ ’ਤੇ ਦੋਸ਼ ਸੀ ਕਿ ਉਨਾਂ ਆਪਣੇ ਪੀਏ ਰੇਸ਼ਮ ਸਿੰਘ ਰਾਹੀਂ ਪਿੰਡ ਘੁੱਦਾ ਦੀ ਸਰਪੰਚ ਸੀਮਾ ਰਾਣੀ ਤੋਂ 4 ਲੱਖ ਦੀ ਰਿਸ਼ਵਤ ਮੰਗੀ ਸੀ ਤਾਂ ਜੋ 25 ਲੱਖ ਦੀ ਸਰਕਾਰੀ ਗ੍ਰਾਂਟ ਜਾਰੀ ਕਰਵਾਈ ਜਾ ਸਕੇ।

–  ਪ੍ਰੋ. ਗੱਜਣਮਾਜ਼ਰਾ ਨੂੰ ਦਬੋਚਿਆ ਸੀ ਈ.ਡੀ. ਨੇ

ਵਿਧਾਨ ਸਭਾ ਅਮਰਗੜ੍ਹ ਤੋਂ ‘ਆਪ’ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜ਼ਰਾ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਈ.ਡੀ. ਵਲੋਂ 2024 ’ਚ ਦਬੋਚੇ ਗਏ। ਉਨ੍ਹਾਂ ’ਤੇ 41 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਦੋਸ਼ ਹੈ। ਪ੍ਰੋ. ਗੱਜਣਮਾਜ਼ਰਾ ਦੇ ਇਸ ਮਾਮਲੇ ’ਚ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਉਨ੍ਹਾਂ ਨੇ ਸਿਰਫ਼ ਇਕ ਰੁਪਏ ਤਨਖ਼ਾਹ ਲੈਣ ਦੀ ਗੱਲ ਆਖ਼ੀ ਸੀ। ਪਰ ਬਾਅਦ ਵਿੱਚ ਕਰੋੜਾਂ ਦੀ ਧੋਖਾਧੜੀ ਦਾ ਦੋਸ਼ ਲੱਗਣਾ ਪੰਜਾਬ ਭਰ ’ਚ ਕਾਫ਼ੀ ਚਰਚਿਤ ਰਿਹਾ। ਭਾਂਵੇ ਕਿ ਮਈ 2024 ਵਿੱਚ ਮਾਣਯੋਗ ਹਾਈਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ, ਪਰ ਉਨ੍ਹਾਂ ਨੂੰ ਕਰੀਬ 6 ਮਹੀਨੇ ਜੇਲ੍ਹ ’ਚ ਰਹਿਣਾ ਪਿਆ।

ਹੁਣ ਲੱਗਿਆ ਜਲੰਧਰ ਤੋਂ ਵਿਧਾਇਕ ਰਮਨ ਅਰੋੜਾ ਦਾ ਨੰਬਰ

ਲੰਘੀ 23 ਮਈ ਨੂੰ ਜਲੰਧਰ ਕੇਂਦਰੀ ਹਲਕੇ ਤੋਂ ‘ਆਪ’ ਵਿਧਾਇਕ ਰਮਨ ਅਰੋੜਾ ’ਤੇ ਦੋਸ਼ ਲੱਗਿਆ ਕਿ ਉਹ ਜਲੰਧਰ ਨਗਰ ਨਿਗਮ ਦੇ ਅਫ਼ਸਰਾਂ ਦੀ ਮਿਲੀਭੁਗਤ ਨਾਲ ਪਹਿਲਾਂ ਲੋਕਾਂ ਨੂੰ ਕੋਈ ਨਾ ਕੋਈ ਨੋਟਿਸ ਕਢਵਾਉਂਦੇ ਸਨ ਤੇ ਫ਼ਿਰ ਉਨ੍ਹਾਂ ਤੋਂ ਪੈਸੇ ਲੈ ਕੇ ਮਾਮਲੇ ਨੂੰ ਰਫ਼ਾ ਦਫ਼ਾ ਕਰਵਾ ਦਿੰਦੇ ਸਨ। ਜਿਸ ਕਾਰਨ ਉਨ੍ਹਾਂ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ।

– 2 ਵਿਧਾਇਕਾਂ ਨੂੰ ਮੰਤਰੀ ਅਹੁਦੇ ਤੋਂ ਧੌਣੇ ਪਏ ਸੀ ਹੱਥ

ਵਿਧਾਨ ਸਭਾ ਹਲਕਾ ਗੁਰੂ ਹਰਸਹਾਇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਫ਼ੌਜਾ ਸਿੰਘ ਸਰਾਰੀ ਨੂੰ ਜੁਲਾਈ 2022 ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ। ਪਰ ਉਸੇ ਸਾਲ ਸਤੰਬਰ ਵਿੱਚ ਇੱਕ ਆਡੀਓ ਕਲਿੱਪ ਸਾਹਮਣੇ ਆਈ ਜਿਸ ਵਿੱਚ ਫੌਜਾ ਸਿੰਘ ਸਰਾਰੀ ਅਤੇ ਉਹਨਾਂ ਦੇ ਇੱਕ ਸਹਿਯੋਗੀ ਵਿੱਚ ਕਥਿਤ ਤੌਰ ’ਤੇ ਠੇਕੇਦਾਰ ਤੋਂ ਪੈਸੇ ਵਸੂਲਣ ਦੀ ਯੋਜਨਾ ’ਤੇ ਚਰਚਾ ਹੋ ਰਹੀ ਸੀ। ਇਸ ਕਲਿੱਪ ਦੇ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਮਾਮਲੇ ਨੂੰ ਤੂਲ ਦੇਣ ’ਤੇ ਫੌਜਾ ਸਿੰਘ ਸਰਾਰੀ ਨੇ ਖੁਦ ਹੀ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਵੀਡਿਓ ਵਾਇਰਲ ਹੋਣ ਮਗਰੋਂ ਮੰਤਰੀਮੰਡਲ ਤੋਂ ਹੋਈ ਸੀ ਬਲਕਾਰ ਸਿੰਘ ਦੀ ਛੁੱਟੀ

ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ‘ਆਪ’ ਵਿਧਾਇਕ ਬਲਕਰ ਸਿੰਘ ਨੂੰ ਮਈ 2023 ਵਿੱਚ ਪੰਜਾਬ ਸਰਕਾਰ ਵਲੋਂ ਕੈਬਨਿਟ ’ਚ ਸ਼ਾਮਲ ਕੀਤਾ ਗਿਆ। ਪਰ ਜੂਨ 2024 ਵਿੱਚ ਬਲਕਾਰ ਸਿੰਘ ਦਾ ਇੱਕ ਆਪੱਤੀਜਨਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਮੰਤਰੀ ਮੰਡਲ ਤੋਂ ਛੁੱਟੀ ਹੋ ਗਈ।

ਵਿਵਾਦਾਂ ਵਿੱਚ ਤਾਂ ਘਿਰੇ ਪਰ ਅਹੁਦਾ ਬਚਾਅ ਲਿਆ

ਪੰਜਾਬ ਸਰਕਾਰ ਵਿੱਚ ਮੰਤਰੀ ਲਾਲ ਚੰਦ ਕਟਾਰੂਚੱਕ ’ਤੇ ਮਈ 2023 ਵਿੱਚ ਜ਼ਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲੱਗੇ ਸਨ। ਜਿਸ ਸਬੰਧੀ ਇਕ ਕਥਿਤ ਆਪੱਤੀਜਨਕ ਵੀਡਿਓ ਵੀ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਨੇ ਪੰਜਾਬ ਸਰਕਾਰ ਨੂੰ ਤਿੰਨ ਨੋਟਿਸ ਜਾਰੀ ਕੀਤੇ ਤੇ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਹੋਇਆ। ਪਰ 13 ਜੂਨ 2023 ਨੂੰ ਸ਼ਿਕਾਇਤਕਰਤਾ ਨੇ ਵਿਸ਼ੇਸ਼ ਜਾਂਚ ਟੀਮ ਸਾਹਮਣੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਅਤੇ ਦਾਅਵਾ ਕੀਤਾ ਕਿ ਵਾਇਰਲ ਵੀਡੀਓ ਫਰਜ਼ੀ ਸੀ। ਜਿਸ ਤੋਂ ਬਾਅਦ ਕਟਾਰੂ ਚੌਕ ਨੂੰ ਕਲੀਨ ਚਿੱਟ ਦੇ ਦਿੱਤੀ ਗਈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.