ਬਰਨਾਲਾ, 25 ਮਈ (ਰਵਿੰਦਰ ਸ਼ਰਮਾ) : ਪਿਛਲੇ ਕੁਝ ਸਮੇਂ ਤੋਂ ਬਰਨਾਲਾ ਸ਼ਹਿਰ ਦੀ ਗਰਚਾ ਰੋਡ ਨੂੰ 60 ਫੁੱਟ ਚੌੜੀ ਕਰਨ ਦੀ ਚੱਲ ਰਹੀ ਚਰਚਾ ਸਿਰਫ ਚਰਚਾ ਤੋਂ ਵੱਧ ਕੁੱਝ ਨਹੀਂ ਹੈ। ਜਾਣਕਾਰੀ ਅਨੁਸਾਰ ਗਰਚਾ ਰੋਡ 60 ਫੁੱਟ ਚੌੜੀ ਨਹੀਂ ਹੋ ਰਹੀ ਤੇ ਨਾ ਹੀ ਇਸ ਸਬੰਧੀ ਕੋਈ ਪ੍ਰਪੋਜਲ ਬਣੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗਰਚਾ ਰੋਡ ਨੂੰ ਚੌੜੀ ਕਰਨ ਸਬੰਧੀ ਕਿਤੇ ਵੀ ਸਰਕਾਰੀ ਪੱਧਰ ’ਤੇ ਗੱਲਬਾਤ ਨਹੀਂ ਚੱਲੀ। ਜਾਣਕਾਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਗਰਚਾ ਰੋਡ ਨੂੰ ਚੌੜੀ ਕਰਨ ਦੀਆਂ ਅਫਵਾਹਾਂ ਫੈਲਾ ਕੇ ਪਲਾਟਾਂ ਨੂੰ ਮਹਿੰਗੇ ਭਾਅ ਵੇਚਣ ਲਈ ਇਹ ਖੇਡ ਖੇਡੀ ਜਾ ਰਹੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਗਰਚਾ ਰੋਡ ਨਾ ਤਾਂ ਹੁਣ ਚੌੜੀ ਹੋਵੇਗੀ ਤੇ ਨਾ ਹੀ ਭਵਿਖ ’ਚ ਕਿਉਂਕਿ ਇਹ ਰੋਡ ਚੌੜੀ ਕਰਨ ਲਈ ਨਿਰਧਾਰਿਤ ਸ਼ਰਤਾਂ ਪੂਰੀਆਂ ਨਹੀਂ ਕਰਦੀ। ਇੱਥੇ ਹੀ ਬੱਸ ਨਹੀਂ ਬਲਕਿ ਇਸ ਰੋਡ ਉੱਪਰ ਨਗਰ ਸੁਧਾਰ ਟਰੱਸਟ ਬਰਨਾਲਾ ਦੀ ਕਲੋਨੀ ਮਹਾਰਾਜਾ ਅਗਰਸੈਨ ਇਨਕਲੇਵ ਦੇ ਪਲਾਟ ਨਾਲ ਲੱਗਦੇ ਹਨ। ਜਿਸ ਕਾਰਨ ਇਸ ਰੋਡ ਨੂੰ ਚੌੜਾ ਸੰਭਵ ਨਹੀਂ ਹੈ। ਸੂਤਰਾਂ ਅਨੁਸਾਰ ਪੋ੍ਰਾਪਰਟੀ ਦੇ ਧੰਦੇ ਨਾਲ ਕੁੱਝ ਲੋਕ ਮਹਿੰਗੇ ਭਾਅ ਪਲਾਟ ਵੇਚਣ ਲਈ ਅਜਿਹੀਆਂ ਅਫਵਾਹਾਂ ਦਾ ਸਹਾਰਾ ਲੈ ਰਹੇ ਹਨ। ਜਦ ਕਿ ਇਸ ਸਮੇਂ ਪੋ੍ਰਾਪਰਟੀ ਦੇ ਭਾਅ ’ਚ ਕਾਫੀ ਮੰਦਾ ਆਇਆ ਹੋਇਆ ਹੈ। ਦੂਜੇ ਪਾਸੇ ਮਾਮਲਾ ਧਿਆਨ ’ਚ ਆਉਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਅਫਵਾਹਾਂ ਨੂੰ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਹਨ। ਬਰਨਾਲਾ ਪੁਲਿਸ ਨੂੰ ਵੀ ਅਜਿਹੇ ਗੁੰਮਰਾਹਕੁੰਨ ਤੱਤਾਂ `ਤੇ ਨਜ਼ਰ ਰੱਖਣ ਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਗਰ ਕੌਂਸਲ ਬਰਨਾਲਾ ਦੇ ਕਾਰਜ ਸਾਧਕ ਅਫਸਰ ਵਿਸ਼ਾਲਦੀਪ ਨੇ ਸਪੱਸ਼ਟ ਕੀਤਾ ਕਿ ਨਗਰ ਕੌਂਸਲ ਬਰਨਾਲਾ ਅਧੀਨ ਪੈਂਦੀ ਗਰਚਾ ਰੋਡ ਨੂੰ ਚੌੜੀ ਨਹੀਂ ਕੀਤਾ ਜਾ ਰਿਹਾ, ਨਾ ਹੀ ਇਸ ਨੂੰ ਚੌੜੀ ਕਰਨ ਦੀ ਕੋਈ ਪ੍ਰਪੋਜਲ ਤਿਆਰ ਹੋ ਰਹੀ ਹੈ।


