Posted inਬਰਨਾਲਾ ਬਰਨਾਲਾ ਵਿੱਚ 31 ਮਈ ਨੂੰ 3 ਥਾਵਾਂ ‘ਤੇ ਹੋਵੇਗੀ ਮੌਕ ਡਰਿੱਲ, ਸ਼ਾਮ 8:30 ਤੋਂ 9 ਵਜੇ ਤੱਕ ਹੋਵੇਗਾ ਬਲੈਕ ਆਊਟ ਦਾ ਅਭਿਆਸ Posted by overwhelmpharma@yahoo.co.in May 30, 2025 – ਇਹ ਸਿਰਫ਼ ਅਭਿਆਸ ਹੈ, ਜ਼ਿਲ੍ਹਾ ਵਾਸੀ ਨਾ ਘਬਰਾਉਣ – ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਸ਼ਾਮ 8:30 ਵਜੇ ਲਾਈਟਾਂ ਬੰਦ ਕਰਨ ਦੀ ਅਪੀਲ ਬਰਨਾਲਾ,30 ਮਈ (ਰਵਿੰਦਰ ਸ਼ਰਮਾ) : ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਜਾਂ ਆਫ਼ਤ ਨਾਲ ਨਜਿੱਠਣ ਦੇ ਅਭਿਆਸ ਵਜੋਂ ਭਲਕੇ 31 ਮਈ ਨੂੰ ਜ਼ਿਲ੍ਹਾ ਬਰਨਾਲਾ ਵਿੱਚ 3 ਥਾਵਾਂ ‘ਤੇ ਮੌਕ ਡਰਿੱਲ ਕੀਤੀ ਜਾਵੇਗੀ ਅਤੇ ਇਸੇ ਅਭਿਆਸ ਵਜੋਂ ਹੀ ਸ਼ਾਮ 8:30 ਵਜੇ ਤੋਂ 9:00 ਵਜੇ ਤਕ ਬਲੈਕਆਊਟ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਇੱਥੇ ਕੈਂਪ ਦਫ਼ਤਰ ਵਿਖੇ ਵੱਖ ਵੱਖ ਵਿਭਾਗਾਂ ਅਤੇ ਸਿਵਲ ਡਿਫੈਂਸ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਜਾਂ ਆਫ਼ਤ ਨਾਲ ਨਜਿੱਠਣ ਦੀਆਂ ਤਿਆਰੀਆਂ ਵਜੋਂ ਭਲਕੇ 31 ਮਈ ਨੂੰ ਜ਼ਿਲ੍ਹੇ ਵਿੱਚ 3 ਥਾਵਾਂ ‘ਤੇ ਮੌਕ ਡਰਿੱਲ ਕੀਤੀ ਜਾਣੀ ਹੈ। ਓਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਵਿਖੇ ਸਵੇਰੇ 11 ਵਜੇ, ਟਰਾਈਡੈਂਟ ਧੌਲਾ ਵਿਚ ਸ਼ਾਮ 6 ਵਜੇ ਅਤੇ ਏਅਰ ਫੋਰਸ ਸਟੇਸ਼ਨ ਭੱਦਲਵਢ ਵਿਖੇ ਦੇਰ ਸ਼ਾਮ 8:30 ਵਜੇ ਮੌਕ ਡਰਿੱਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਭਲਕੇ ਸ਼ਾਮ 8:30 ਵਜੇ ਤੋਂ ਸ਼ਾਮ 9 ਵਜੇ ਤੱਕ ਜ਼ਿਲ੍ਹੇ ਵਿਚ ਬਲੈਕਆਊਟ ਦਾ ਅਭਿਆਸ ਹੋਵੇਗਾ। ਓਨ੍ਹਾਂ ਕਿਹਾ ਕਿ ਬਲੈਕਆਊਟ ਤੋਂ ਪਹਿਲਾਂ ਸਾਇਰਨ ਵੱਜੇਗਾ, ਜਿਸ ਦੇ ਤੁਰੰਤ ਮਗਰੋਂ ਬਲੈਕਆਊਟ ਹੋਵੇਗਾ ਇਸ ਲਈ ਸਾਇਰਨ ਵੱਜਣ ਮਗਰੋਂ ਲੋਕ ਆਪਣੇ ਘਰਾਂ ਦੀਆਂ ਲਾਇਟਾਂ ਬੰਦ ਕਰ ਦੇਣ ਪਰ ਇਸ ਸਮੇਂ ਦੌਰਾਨ ਐਮਰਜੈਂਸੀ/ਜ਼ਰੂਰੀ ਸਿਹਤ ਸੇਵਾਵਾਂ ਲਈ ਸਿਹਤ ਸੰਸਥਾਵਾਂ ਉਸੇ ਤਰ੍ਹਾਂ ਨਿਰਵਿਘਨ ਸੇਵਾਵਾਂ ਮੁਹਈਆ ਕਰਵਾ ਸਕਦੀਆਂ ਹਨ। ਓਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਬਲੈਕਆਊਟ ਦੌਰਾਨ ਅਤੇ ਆਪਣੇ ਇਨਵਰਟਰ ਤੇ ਜਨਰੇਟਰ ਆਦਿ ਬੰਦ ਰੱਖਣ। ਇਸ ਦੌਰਾਨ ਕੈਮਰਿਆਂ ਦੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ ਅਤੇ ਸਟਰੀਟ ਲਾਈਟਾਂ ਵੀ ਬੰਦ ਰਹਿਣਗੀਆਂ। ਬਲੈਕਆਊਟ ਦੇ ਅਭਿਆਸ ਦੌਰਾਨ ਲੋਕ ਘਰਾਂ ਵਿਚ ਹੀ ਰਹਿਣ ਅਤੇ ਵਾਹਨ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਕਿਸੇ ਵੀ ਐਮਰਜੈਂਸੀ ਲੋੜ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 01679-233031 ‘ਤੇ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਇਕ ਅਭਿਆਸ ਵਜੋਂ ਹੈ, ਇਸ ਲਈ ਕੋਈ ਵੀ ਵਿਅਕਤੀ ਘਬਰਾਹਟ ਵਿੱਚ ਨਾ ਆਵੇ ਅਤੇ ਅਫਵਾਹਾਂ ਨਾ ਫੈਲਾਈਆਂ ਜਾਣ, ਬਲਕਿ ਇਸ ਮੌਕ ਡਰਿੱਲ ਵਿਚ ਜ਼ਿੰਮੇਵਾਰ ਨਾਗਰਿਕ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ। Post navigation Previous Post ਬਰਨਾਲਾ ’ਚ ਪੁਲਿਸ ਦੀ ਗੱਡੀ ’ਚੋਂ ਬਾਹਰ ਕੱਢ ਲੋਕਾਂ ਦੀ ਭੀੜ ਨੇ ਕਿਰਪਾਨਾਂ ਨਾਲ ਵੱਢਿਆ ਵਿਅਕਤੀNext Postਜ਼ਿਲ੍ਹਾ ਬਰਨਾਲਾ ’ਚ 31 ਮਈ ਨੂੰ ਮੁੜ੍ਹ ਬੰਦ ਰਹੇਗੀ ਬਿਜਲੀ ਸਪਲਾਈ