Skip to content

– ਦੂਜੇ ਪਾਸੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ
ਬਰਨਾਲਾ\ਹੰਡਿਆਇਆ, 18 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਦੀ ਨਗਰ ਪੰਚਾਇਤ ਵੱਲੋਂ ਨੈਸ਼ਨਲ ਹਾਈਵੇ 7 ਉਪਰ ਖਸਰਾ ਨੰਬਰ 564 ਬੀਬੜੀਆਂ ਵਾਲੀ ਬਚਦੀ ਲਗਭਗ ਚਾਰ ਏਕੜ ਜਮੀਨ ਨੂੰ ਵੇਚਣ ਲਈ ਮਤਾ ਪਾਸ ਕਰ ਦਿੱਤਾ ਗਿਆ ਹੈ। ਜਿਸ ਵਿੱਚ 9 ਕੌਂਸਲਰਾਂ ਨੇ ਜਮੀਨ ਵੇਚਣ ਵਿੱਚ ਸਹਿਮਤੀ ਅਤੇ 4 ਕੌਂਸਲਰਾਂ ਨੇ ਅਸਹਿਮਤੀ ਜਤਾਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਗਰ ਪੰਚਾਇਤ ਹੰਡਿਆਇਆ ਦੁਆਰਾ ਇਹ ਜਮੀਨ ਮਹਿੰਗੇ ਭਾਵ ਵੇਚ ਕੇ ਕਿਤੇ ਹੋਰ ਸਸਤੀ ਤੇ ਜਿਆਦਾ ਜਮੀਨ ਲੈਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਇੱਥੇ ਵਿਚਾਰਣਯੋਗ ਹੈ ਜੋ ਜਮੀਨ ਪਹਿਲਾਂ ਤੋਂ ਹੀ ਨਗਰ ਪੰਚਾਇਤ ਹੰਡਿਆਇਆ ਕੋਲ ਹੈ, ਜਦੋਂ ਉਹ ਉਹਨਾਂ ਦੀ ਹੀ ਸਹੀ ਦੇਖਭਾਲ ਨਹੀਂ ਕਰ ਪਾ ਰਹੇ, ਫਿਰ ਹੰਡਿਆਇਆ ਤੋਂ ਬਾਹਰ ਸਸਤੀ ਜਮੀਨ ਲੈ ਕੇ ਉਸ ਦੀ ਸੰਭਾਲ ਕਿਵੇਂ ਕਰਨਗੇ। ਨਗਰ ਪੰਚਾਇਤ ਦੀ ਕਿੰਨੀ ਜਗ੍ਹਾ ’ਤੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਹ ਉਹਨਾਂ ਦੇ ਕਬਜ਼ੇ ਛੁੜਾਉਣ ਵਿੱਚ ਅਸਮਰਥ ਹੈ। ਕੁਝ ਲੋਕਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਨਗਰ ਪੰਚਾਇਤ ਹੰਡਿਆਇਆ ਦੇ ਕੁਝ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਹੀ ਨਜਾਇਜ਼ ਕਬਜ਼ੇ ਕੀਤੇ ਗਏ ਹਨ। ਕੁਝ ਸਮਾ ਪਹਿਲਾਂ ਨਗਰ ਪੰਚਾਇਤ ਹੰਡਿਆਇਆ ਦਾ ਸਮੂਹ ਸਟਾਫ ਪੁਲਿਸ ਪ੍ਰਸ਼ਾਸਨ ਨਾਲ ਬਾਬਾ ਜੀਵਨ ਸਿੰਘ ਨਗਰ ਵਿੱਚ ਛੱਪੜ ’ਤੇ ਕੀਤੇ ਨਜਾਇਜ਼ ਕਬਜ਼ੇ ਨੂੰ ਹਟਾਉਣ ਗਏ ਸਨ, ਉਥੋਂ ਦੀ ਮੌਜੂਦਾ ਸੱਤਾ ਧਿਰ ਦੀ ਕੌਂਸਲਰ ਰੂਪੀ ਕੌਰ ਨੇ ਪ੍ਰਸ਼ਾਸਨ ’ਤੇ ਦਬਾਅ ਪਾ ਕੇ ਨਜਾਇਜ਼ ਕਬਜੇ ਨੂੰ ਹਟਾਉਣ ਨਹੀਂ ਦਿੱਤਾ। ਇਸ ਦੇ ਚੱਲਦੇ ਬੀਤੀ ਦਿਨੇ ਛੱਪੜ ਦੀ ਜਮੀਨ ’ਤੇ ਇੱਕ ਹੋਰ ਪਰਿਵਾਰ ਨੇ ਸ਼ਨਿੱਚਰਵਾਰ\ਐਤਵਾਰ ਛੁੱਟੀ ਦੇ ਚੱਲਦੇ ਕਬਜ਼ਾ ਕਰ ਲਿਆ।
ਜੇਕਰ ਉਸੇ ਦਿਨ ਪ੍ਰਸ਼ਾਸਨ ਵੱਲੋਂ ਨਾਜਾਇਜ਼ ਕਬਜ਼ਾ ਹਟਾ ਦਿੱਤਾ ਜਾਂਦਾ ਤਾਂ ਹੋਰ ਘਰਾਂ ਵੱਲੋਂ ਨਾਜਾਇਜ ਕਬਜ਼ਾ ਨਾ ਕੀਤਾ ਜਾਂਦਾ। ਇਸ ਨਜਾਇਜ਼ ਕਬਜ਼ੇ ਦੇ ਬਾਰੇ ਜਾਣਕਾਰੀ ਲੈਣ ਲਈ ਕਾਰਜ ਸਾਧਕ ਅਫਸਰ ਨੂੰ ਫੋਨ ਅਤੇ ਵਟਸਐਪ ਰਾਹੀਂ ਕਈ ਵਾਰ ਸੰਪਰਕ ਕੀਤਾ ਗਿਆ ਪਰ ਉਹਨਾਂ ਨੇ ਫੋਨ ਚੁੱਕਣਾ ਜਾਂ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ।
Scroll to Top