ਤਪਾ, 19 ਫਰਵਰੀ (ਰਵਿੰਦਰ ਸ਼ਰਮਾ) : ਸਬ ਰਜਿਸਟਰਾਰ ਤਪਾ ਵਿਖੇ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ’ਚ ਇਮਾਨਦਾਰੀ, ਪਾਰਦਰਸ਼ਤਾ ਤੇ ਸਮਾਂਬੱਧ ਤਰੀਕੇ ਨਾਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਸਬ ਰਜਿਸਟਰਾਰ ਤਪਾ ਸੁਨੀਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਸਮੇਤ ਸਾਰੇ ਸਟਾਫ ਵਲੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਫਤਰ ਵਿੱਚ ਹਾਜ਼ਰ ਰਹਿ ਕੇ ਨੰਬਰਵਾਰ ਜਨਤਾ ਦਾ ਕੰਮ ਕੀਤਾ ਜਾਂਦਾ ਹੈ। ਸੀਨੀਅਰ ਸਿਟੀਜ਼ਨਾਂ, ਔਰਤਾਂ ਅਤੇ ਅੰਗਹੀਣਾਂ ਵਿਅਕਤੀਆਂ ਦਾ ਖਾਸ ਧਿਆਨ ਰੱਖਦਿਆਂ ਉਨਾਂ ਦਾ ਕੰਮ ਪਹਿਲ ਦੇ ਆਧਾਰ ‘ਤੇ ਕੀਤਾ ਜਾਂਦਾ ਹੈ। ਦਫਤਰ ਵਿੱਚ ਜਗ੍ਹਾ-ਜਗ੍ਹਾ ‘ਤੇ ਹਦਾਇਤਾਂ ਲਿਖ ਕੇ ਲਗਾਈਆਂ ਗਈਆਂ ਹਨ ਕਿ ਜੇਕਰ ਉਨਾਂ ਦੇ ਨਾਮ ‘ਤੇ ਕਿਸੇ ਵਿਅਕਤੀ ਵੱਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਤਾਂ ਤੁਰੰਤ ਮਸਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਜਾਵੇ। ਰਜਿਸਟਰੀਆਂ ਕਰਨ ਉਪਰੰਤ ਜਨਤਾ ਨੂੰ ਉਸੇ ਦਿਨ ਡਲਿਵਰ ਕੀਤੀਆਂ ਜਾਂਦੀਆਂ ਹਨ ਅਤੇ ਤੁਰੰਤ ਸਕੈਨਿੰਗ ਕਰਕੇ ਇੰਤਕਾਲ ਲਈ ਭੇਜ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਕੰਮ ਕਰਾਉਣ ਆਈ ਜਨਤਾ ਨੂੰ ਪੁੱਛਿਆ ਜਾਂਦਾ ਹੈ ਕਿ ਉਨਾਂ ਤੋਂ ਕਿਸੇ ਨੇ ਵਾਧੂ ਪੈਸੇ ਤਾਂ ਨਹੀਂ ਲਏ ਤੇ ਅੱਜ ਕੋਈ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਤਹਿਸੀਲ ਵਿੱਚ ਪੂਰੀ ਪਾਰਦਰਸ਼ਤਾ ਨਾਲ ਕੰਮ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੇ ਧਿਆਨ ਵਿੱਚ ਅਜਿਹਾ ਮਾਮਲਾ ਆਉਂਦਾ ਹੈ ਕਿ ਉਨ੍ਹਾਂ ਦੇ ਨਾਮ ’ਤੇ ਕੋਈ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਅਜਿਹੇ ਮਾਮਲੇ ਵਿੱਚ ਤੁਰੰਤ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਆਮ ਪਬਲਿਕ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਕਿ ਸਰਕਾਰੀ ਹਦਾਇਤਾਂ ਅਨੁਸਾਰ ਆਪਣੇ ਦਸਤਾਵੇਜ਼ ਮੁਕੰਮਲ ਕਰਕੇ ਹੀ ਪੇਸ਼ ਕੀਤੇ ਜਾਣ ਅਤੇ ਉਨ੍ਹਾਂ ਦੇ ਨਾਮ ‘ਤੇ ਕਿਸੇ ਨੂੰ ਪੈਸਾ ਨਾ ਦਿੱਤਾ ਜਾਵੇ।