Skip to content

ਬਰਨਾਲਾ, 20 ਜੂਨ (ਰਵਿੰਦਰ ਸ਼ਰਮਾ) : ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਕਾਲ ਸੈਂਟਰ ਰਾਹੀਂ ਲੋਨ ਕਰਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇੰਟਰ ਸਟੇਟ ਗਿਰੋਹ ਬਰਨਾਲਾ ਪੁਲਿਸ ਦੇ ਅੜਿੱਕੇ ਆਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸ਼ਰਫਰਾਜ਼ ਆਲਮ ਆਈ.ਪੀ.ਐੱਸ. ਨੇ ਦੱਸਿਆ ਕਿ ਅਸ਼ੋਕ ਕੁਮਾਰ ਐੱਸ.ਪੀ. (ਡੀ.), ਰਾਜ਼ੇਸ਼ ਛਿੱਬਰ ਐੱਸ.ਪੀ. (ਐੱਚ) ਅਤੇ ਜਤਿੰਦਰਪਾਲ ਸਿੰਘ ਡੀ.ਐੱਸ.ਪੀ. (ਸਾਈਬਰ ਕਰਾਈਮ) ਦੀ ਯੋਗ ਅਗਵਾਈ ਹੇਠ ਇੰਸ: ਕਮਲਜੀਤ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕਰਾਈਮ ਬਰਨਾਲਾ ਵੱਲੋਂ ਕਾਰਵਾਈ ਕਰਦੇ ਹੋਏ ਫੇਸਬੁੱਕ ਅਤੇ ਹੋਰ ਸ਼ੋਸਲ ਮੀਡੀਆ ਪਲੇਟਫਾਰਮ ’ਤੇ ਜਾਅਲੀ ਫਰਮਾਂ ਬਣਾ ਕੇ ਲੋਨ ਕਰਵਾਉਣ ਦੇ ਨਾਮ ’ਤੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇੰਟਰ-ਸਟੇਟ ਗਿਰੋਹ ਦਾ ਪਰਦਾਫ਼ਾਸ ਕੀਤਾ ਗਿਆ ਹੈ। ਥਾਣਾ ਸਾਈਬਰ ਕਰਾਈਮ, ਬਰਨਾਲਾ ਵਿਖੇ ਲੋਨ ਕਰਵਾਉਣ ਦੇ ਨਾਮ ’ਤੇ ਠੱਗੀ ਮਾਰਨ ਸਬੰਧੀ ਆਨਲਾਇਨ ਪੋਰਟਲ 1930 ’ਤੇ ਦਰਖਾਸਤ ਮਿਲੀ ਸੀ, ਜਿਸ ਸਬੰਧੀ ਥਾਣਾ ਸਾਈਬਰ ਕਰਾਈਮ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਸਬੰਧੀ ਕੇਸ ਨੂੰ ਟੈਕਨੀਕਲ ਤਰੀਕੇ ਨਾਲ ਟਰੇਸ ਕਰਕੇ 10 ਜੂਨ ਨੂੰ ਕਾਲ ਸੈਂਟਰ ਢਕੋਲੀ, ਜ਼ੀਰਕਪੁਰ ਵਿਖੇ ਰੇਡ ਕੀਤੀ ਗਈ, ਜਿੱਥੋਂ 6 ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ। ਮੁਲਜ਼ਮਾਂ ’ਚ ਪਵਨ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਮੁਬਾਰਕਪੁਰ ਜ਼ਿਲ੍ਹਾ ਐੱਸ.ਏ.ਐੱਸ ਨਗਰ, ਭਵਨ ਮੇਵਾੜਾ ਪੁੱਤਰ ਨਰਪਤ ਸਿੰਘ ਮੇਵਾੜਾ ਵਾਸੀ ਵੈਸ਼ਾਲੀ ਗਾਜ਼ਿਆਬਾਦ ਹਾਲ ਅਬਾਦ ਜੋਧਪੁਰ, ਅੰਬਿਕਾ ਪੁੱਤਰੀ ਬੇਬੀ ਰਾਮ ਵਾਸੀ ਡਿਆਰਮੋਲੀ ਜ਼ਿਲ੍ਹਾ ਸ਼ਿਮਲਾ, ਜੀ ਚੀਨਾ ਰੈਡੀ ਪੁੱਤਰ ਵਿਸਵੇਸਰਾ ਰੇਡੀ ਵਾਸੀ ਮੇਲਪਾਡੂ ਆਂਧਰ ਪ੍ਰਦੇਸ਼, ਜਾਡਾ ਵੀਰਾ ਸੀਵਾ ਭਾਗਿਆਰਾਜ ਪੁੱਤਰ ਜਾਡਾ ਰਾਮਮੋਹਨ ਵਾਸੀ ਗੋਲਾਪੇਲਮ ਆਂਧਰ ਪ੍ਰਦੇਸ਼, ਕੋਨਾ ਚਿਰਨਜੀਵੀ ਪੁੱਤਰ ਕੇ. ਮਨੀਕਾਂਤਾ ਵਾਸੀ ਯੇਨਾਡ, ਵਿਸ਼ਾਖਾਪਟਨਮ ਆਂਧਰ ਪ੍ਰਦੇਸ਼ ਸ਼ਾਮਲ ਹਨ।
ਮੁਲਜ਼ਮਾਂ ਪਾਸੋਂ 67 ਮੋਬਾਈਲ ਫ਼ੋਨ, 18 ਏ.ਟੀ.ਐਮ ਕਾਰਡ, 17 ਸਿੰਮ ਕਾਰਡ, 1 ਲੈਪਟਾਪ, 1 ਸੀ.ਪੀ.ਯੂ, 55 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਹੋਈ ਹੈ।

ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨੇ ਅੱਗੇ ਦੱਸਿਆ ਕਿ ਮੁੱਕਦਮੇ ਦੀ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਗਿਰੋਹ ਕਾਲ ਸੈਂਟਰ ਰਾਂਹੀ ਸਾਲ-2023 ਤੋਂ ਲੈ ਕੇ ਹੁਣ ਤੱਕ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਦੇ ਆ ਰਹੇ ਹਨ। ਜਿਸ ਸਬੰਧੀ ਸਾਈਬਰ ਕਰਾਈਮ ਪੋਰਟਲ (1930) ’ਤੇ ਚੈੱਕ ਕਰਨ ’ਤੇ ਪਾਇਆ ਗਿਆ ਕਿ ਉਕਤ ਗਿਰੋਹ ਦੇ ਖਿਲਾਫ ਕਰੀਬ 60 ਤੋਂ ਵੱਧ ਦਰਖਾਸਤਾਂ ਪੰਜਾਬ ਤੋਂ ਇਲਾਵਾ ਆਂਧਰਾ ਪ੍ਰਦੇਸ, ਗੁਜਰਾਤ, ਤੇਲੰਗਾਨਾ, ਗੋਆ, ਕਰਨਾਟਕਾ ਆਦਿ ਸਟੇਟਾ ਵਿੱਚ ਦਰਜ ਹਨ। ਇਸ ਗਿਰੋਹ ਵੱਲੋਂ ਹਰ ਮਹੀਨੇ ਕਰੀਬ ਔਸਤਨ 1 ਕਰੋੜ ਦੇ ਲੱਗਭੱਗ ਰੁਪਏ ਵੱਖ-ਵੱਖ ਬੈਂਕ ਖਾਤਿਆ ਰਾਂਹੀ ਕੈਸ਼ ਕਢਵਾਉਣ ਸਬੰਧੀ ਤੱਥ ਸਾਹਮਣੇ ਆਏ ਹਨ। ਜਿਸ ਅਨੁਸਾਰ ਹੁਣ ਤੱਕ ਇਹ ਗਿਰੋਹ ਕਰੀਬ 20-22 ਕਰੋੜ ਰੁਪਏ ਦੀ ਠੱਗੀ ਮਾਰ ਚੁੱਕਾ ਹੈ। ਇਸ ਗਿਰੋਹ ਦਾ ਮੁੱਖ ਸਰਗਨਾ ਅਮਿਤ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਜੀਰਕਪੁਰ ਹੈ, ਜੋ ਕਿ ਅਜੇ ਤੱਕ ਫਰਾਰ ਹੈ। ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁੱਖ ਸਰਗਨਾ ਅਮਿਤ ਕੁਮਾਰ ਬਹੁਤ ਹੀ ਲਗਜ਼ਰੀ ਜਿੰਦਗੀ ਜਿਊਦਾ ਹੈ ਜਿਸ ਪਾਸ ਜੀਰਕਪੁਰ ਦੇ ਪੋਸ਼ ਇਲਾਕੇ ਵਿੱਚ 02 ਫਲੈਟ, 01 ਜਿੰਮ ਅਤੇ ਲਗਜ਼ਰੀ ਗੱਡੀਆਂ ਵਗੈਰਾ ਹੋਣੀ ਸਾਹਮਣੇ ਆਈਆਂ ਹਨ, ਜਿਸ ਸਬੰਧੀ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗਿਰੋਹ ਨਾਲ ਸਬੰਧਤ ਹੋਰ ਵਿਅਕਤੀਆਂ ਦੀ ਸ਼ਮੂਲੀਅਤ, ਬਰਾਮਦ ਏ.ਟੀ.ਐੱਮ, ਮੋਬਾਇਲ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਗਿਰੋਹ ਸਬੰਧੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀਆ ਸੰਭਾਵਨਾ ਹਨ। ਤਫਤੀਸ਼ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦੋਸੀਆਨ ਖ਼ਿਲਾਫ਼ ਪਹਿਲਾਂ ਦਰਜ ਮੁਕੱਦਮੇਂ
ਐੱਸ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮ ਅਮਿਤ ਕੁਮਾਰ ਅਤੇ ਭਵਨ ਮੇਵਾੜਾ ਖ਼ਿਲਾਫ਼ ਥਾਣਾ ਜ਼ੀਰਕਪੁਰ ਅਤੇ ਮੁਲਜ਼ਮ ਜੀ ਚੀਨਾ ਰੈਡੀ ਖ਼ਿਲਾਫ਼ ਥਾਣਾ ਬੀ. ਮੱਤਮ ਆਂਧਰਾ ਪ੍ਰਦੇਸ਼ ਵਿਖੇ ਮਾਮਲਾ ਦਰਜ ਹੈ।
Scroll to Top