– 4 ਬੱਚਿਆਂ ਨੇ ਖੁਦ ਨੂੰ ਬਚਾਇਆ, 2 ਦੀਆਂ ਮਿਲੀਆਂ ਲਾਸ਼ਾਂ , 2 ਅਜੇ ਲਾਪਤਾ
ਲੁਧਿਆਣਾ, 21 ਜੂਨ (ਰਵਿੰਦਰ ਸ਼ਰਮਾ) : ਲੁਧਿਆਣਾ ਦੇ ਲੁਹਾਰਾ ਵਿਖੇ ਗਿੱਲ ਨਹਿਰ ਵਿੱਚ ਨਹਾਉਂਦੇ ਸਮੇਂ ਕੰਢੇ ਨਾਲ ਬੰਨ੍ਹੀ ਤਾਰ ਟੁੱਟਣ ਕਾਰਨ 8 ਬੱਚੇ ਡੁੱਬ ਗਏ ਹਨ। ਜਿਨ੍ਹਾਂ ‘ਚੋਂ 4 ਬੱਚੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਏ, ਪਰ 4 ਬੱਚੇ ਪਾਣੀ ਵਿੱਚ ਡੁੱਬ ਗਏ ,ਜਿਨਾਂ ਵਿੱਚੋਂ 2 ਬੱਚਿਆਂ ਦੀਆਂ ਲਾਸ਼ਾਂ ਕੱਲ੍ਹ ਸ਼ਾਮ ਨੂੰ ਮਿਲ ਗਈਆਂ ,ਜਦੋਂ ਕਿ 2 ਬੱਚੇ ਅਜੇ ਵੀ ਲਾਪਤਾ ਹਨ। ਗੋਤਾਖੋਰ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਹੈ। ਨਹਿਰ ਵਿੱਚ ਡੁੱਬਣ ਵਾਲੇ ਬੱਚਿਆਂ ਦੀ ਪਛਾਣ ਪ੍ਰਕਾਸ਼ (14), ਮਨੀਸ਼ (15), ਗੋਲੂ (10) ਅਤੇ ਮੋਲੂ ਉਰਫ ਸਾਹਿਲ (10) ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਪ੍ਰਕਾਸ਼ ਅਤੇ ਮੋਲੂ ਉਰਫ ਸਾਹਿਲ ਦੀਆਂ ਲਾਸ਼ਾਂ ਮਿਲ ਗਈਆਂ ਹਨ। ਜਦੋਂ ਕਿ ਪੁਲਿਸ ਮਨੀਸ਼ ਅਤੇ ਗੋਲੂ ਦੀ ਭਾਲ ਕਰ ਰਹੀ ਹੈ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਪ੍ਰਕਾਸ਼ ਦੀ ਲਾਸ਼ ਮਿਲੀ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਮੋਲਨ ਟਾਊਨ ਥਾਣਾ ਖੇਤਰ ਤੋਂ ਮੋਲੂ ਉਰਫ ਸਾਹਿਲ ਦੀ ਲਾਸ਼ ਵੀ ਬਰਾਮਦ ਕੀਤੀ ਗਈ।
ਮਨੀਸ਼ ਦੀ ਮਾਂ ਅੰਜਨੀ ਨੇ ਕਿਹਾ ਕਿ ਉਸੇ ਇਲਾਕੇ ਦੇ 8 ਬੱਚੇ ਦੁਪਹਿਰ 2.30 ਵਜੇ ਦੇ ਕਰੀਬ ਨਹਿਰ ਵਿੱਚ ਨਹਾਉਣ ਗਏ ਸਨ। ਮੇਰਾ ਪੁੱਤਰ ਮਨੀਸ਼ ਅਤੇ ਉਸਦਾ ਵੱਡਾ ਭਰਾ ਵੀ ਉਨ੍ਹਾਂ ਨਾਲ ਗਏ ਸਨ। ਸਾਰੇ ਤਾਰ ਫੜ ਕੇ ਨਹਾ ਰਹੇ ਸਨ। ਜ਼ਿਆਦਾ ਭਾਰ ਹੋਣ ਕਾਰਨ ਤਾਰ ਟੁੱਟ ਗਈ ਅਤੇ ਸਾਰੇ ਬੱਚੇ ਵਹਿ ਗਏ। ਮੇਰਾ ਛੋਟਾ ਪੁੱਤਰ ਮਨੀਸ਼ ਮੇਰੇ ਵੱਡੇ ਪੁੱਤਰ ਦੇ ਸਾਹਮਣੇ ਵਹਿ ਗਿਆ। ਮੇਰਾ ਵੱਡਾ ਪੁੱਤਰ ਮਨੀਸ਼ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਉਸਨੂੰ ਬਚਾ ਨਹੀਂ ਸਕਿਆ।
ਥਾਣਾ ਮਾਡਲ ਟਾਊਨ ਦੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਿੰਧਵਾ ਕੈਨਲ ਵਿੱਚ ਪਾਣੀ ਦੇ ਵਹਾਅ ਨੂੰ ਕੰਟਰੋਲ ਕਰਨ ਲਈ ਇੱਕ ਡੈਮ ਵਰਗਾ ਪੁਲ ਬਣਾਇਆ ਗਿਆ ਹੈ, ਜੋ ਕਿ ਉਸਦੇ ਖੇਤਰ ਵਿੱਚ ਆਉਂਦਾ ਹੈ। ਪੁਲਿਸ ਨੂੰ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਉੱਥੇ ਤੈਰਦੀਆਂ ਮਿਲੀਆਂ, ਜਿਸ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਂ ਦਿੱਤਾ ਗਿਆ ਹੈ।
ਦੂਜੇ ਪਾਸੇ ਪਰਿਵਾਰ ਅਨੁਸਾਰ ਪ੍ਰਕਾਸ਼ (14) ਪੁੱਤਰ ਮਨੋਜ ਪ੍ਰਸਾਦ, ਵਾਸੀ ਸਮਰਾਟ ਨਗਰ, ਗਿਆਸਪੁਰਾ ਦੀ ਲਾਸ਼ ਵੀਰਵਾਰ ਰਾਤ ਨੂੰ ਲਗਭਗ 11:30 ਵਜੇ ਮਿਲੀ। ਪ੍ਰਕਾਸ਼ 6ਵੀਂ ਜਮਾਤ ਦਾ ਵਿਦਿਆਰਥੀ ਸੀ। ਉਸਦਾ ਪਿਤਾ ਪ੍ਰਿੰਟਰ ਦਾ ਕੰਮ ਕਰਦਾ ਹੈ। ਪ੍ਰਕਾਸ਼ ਦੇ ਪਰਿਵਾਰ ਵਿੱਚ ਤਿੰਨ ਭੈਣ-ਭਰਾ ਹਨ। ਸਮਰਾਟ ਨਗਰ ਦੇ ਰਹਿਣ ਵਾਲੇ ਪ੍ਰਮੇਸ਼ ਦੇ ਪੁੱਤਰ ਮਨੀਸ਼ (15) ਦੀ ਭਾਲ ਅਜੇ ਵੀ ਜਾਰੀ ਹੈ। ਮਨੀਸ਼ 6ਵੀਂ ਜਮਾਤ ਦਾ ਵਿਦਿਆਰਥੀ ਸੀ। ਬਹੁਤ ਜ਼ਿਆਦਾ ਗਰਮੀ ਕਾਰਨ ਉਹ ਖੇਡਦੇ ਹੋਏ ਨਹਾਉਣ ਲਈ ਨਹਿਰ ਵਿੱਚ ਚਲਾ ਗਿਆ। ਮਨੀਸ਼ ਦਾ ਪਿਤਾ ਇੱਕ ਐਸਿਡ ਫੈਕਟਰੀ ਵਿੱਚ ਕੰਮ ਕਰਦਾ ਹੈ। ਮਨੀਸ਼ ਸਮੇਤ ਉਸਦੇ ਤਿੰਨ ਭੈਣ-ਭਰਾ ਹਨ।

Posted inਲੁਧਿਆਣਾ