Posted inਚੰਡੀਗੜ੍ਹ ਕੈਨੇਡਾ ਦੇ ਇਤਿਹਾਸ ’ਚ ਸੋਨੇ ਦੀ ਸਭ ਤੋਂ ਵੱਡੀ ਚੋਰੀ ’ਚ ਸ਼ਾਮਲ ਦੋਸ਼ੀ ਦੇ ਘਰ ਪੁੱਜੀ ਈ.ਡੀ. Posted by overwhelmpharma@yahoo.co.in Feb 21, 2025 ਚੰਡੀਗੜ੍ਹ, 21 ਫ਼ਰਵਰੀ (ਰਵਿੰਦਰ ਸ਼ਰਮਾ) : ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਦੇ ਮਾਮਲੇ ’ਚ ਵਾਂਟਿਡ ਏਅਰ ਕੈਨੇਡਾ ਦੇ ਸਾਬਕਾ ਮੈਨੇਜਰ 32 ਸਾਲਾ ਸਿਮਰਨਪ੍ਰੀਤ ਪਨੇਸਰ ਦੇ ਚੰਡੀਗੜ੍ਹ ਸਥਿਤ ਠਿਕਾਣਿਆਂ ‘ਤੇ ਈਡੀ ਨੇ ਛਾਪੇਮਾਰੀ ਕੀਤੀ ਹੈ। ਪਤਾ ਲੱਗਾ ਹੈ ਕਿ ਸਵੇਰੇ ਤੋਂ ਹੀ ਟੀਮਾਂ ਉਸਦੇ ਸੈਕਟਰ-79 ਅਤੇ ਚੰਡੀਗੜ੍ਹ ਦੇ ਸੈਕਟਰ-38 ਸਥਿਤ ਆਵਾਸ ’ਤੇ ਪਹੁੰਚ ਗਈਆਂ ਸਨ। ਉਹ ਇੱਕ ਸਾਲ ਤੋਂ ਮੋਹਾਲੀ ਅਤੇ ਚੰਡੀਗੜ੍ਹ ’ਚ ਦੋ ਜਗ੍ਹਾਵਾਂ ’ਤੇ ਕਿਰਾਏ ’ਤੇ ਮਕਾਨ ਲੈ ਕੇ ਰਹਿ ਰਿਹਾ ਸੀ। ਇਸ ਜਾਂਚ ਵਿੱਚ ਈਡੀ ਦੀ ਪੰਜਾਬ, ਚੰਡੀਗੜ੍ਹ ਤੇ ਦਿੱਲੀ ਦੀਆਂ ਟੀਮਾਂ ਸ਼ਾਮਲ ਹਨ। ਹਾਲਾਂਕਿ ਕੋਈ ਵੀ ਕੁਝ ਬੋਲਣ ਤੋਂ ਬਚ ਰਿਹਾ ਹੈ। ਪਨੇਸਰ ਦੀ ਪਤਨੀ ਪ੍ਰੀਤੀ ਪਨੇਸਰ ਵੀ ਸਾਬਕਾ ਮਿਸ ਇੰਡੀਆ ਯੂਗਾਂਡਾ, ਗਾਇਕਾ ਅਤੇ ਅਭਿਨੇਤਰੀ ਹੈ। ਦੱਸ ਦਈਏ ਕਿ ਸੋਨੇ ਦੀ ਇਹ ਚੋਰੀ ਅਪ੍ਰੈਲ 2023 ਵਿੱਚ ਹੋਈ ਸੀ, ਜਿਸ ਵਿੱਚ ਟੋਰੰਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਕਾਰਗੋ ਕੰਪਲੈਕਸ ਤੋਂ 6,600 ਸੋਨੇ ਦੀਆਂ ਛੜਾਂ, ਜਿਨ੍ਹਾਂ ਦਾ ਵਜ਼ਨ ਕੁੱਲ 400 ਕਿਲੋਗ੍ਰਾਮ ਸੀ ਤੇ ਲਗਭਗ 2.5 ਮਿਲੀਅਨ ਡਾਲਰ ਦੀ ਵਿਦੇਸ਼ੀ ਮੁਦਰਾ ਚੋਰੀ ਹੋ ਗਈ ਸੀ। ਇਹ ਘਟਨਾ ਉਸ ਸਮੇਂ ਹੋਈ ਜਦੋਂ ਜ਼ਿਊਰਿਖ ਤੋਂ ਆਈ ਇੱਕ ਫਲਾਈਟ ਦਾ ਸਮਾਨ ਉਤਾਰਿਆ ਜਾ ਰਿਹਾ ਸੀ। ਸਿਮਰਨਪ੍ਰੀਤ, ਜੋ ਉਸ ਸਮੇਂ ਬ੍ਰੈਂਪਟਨ, ਓਂਟਾਰੀਓ ’ਚ ਰਹਿੰਦਾ ਸੀ, ਡਕੈਤੀ ਦੇ ਬਾਅਦ ਕੈਨੇਡਾ ਛੱਡ ਕੇ ਭਾਰਤ ਆ ਗਿਆ। ਹਾਲਾਂਕਿ, ਜੂਨ 2024 ਵਿੱਚ ਉਸਦੇ ਵਕੀਲਾਂ ਦੁਆਰਾ ਖ਼ਬਰ ਆਈ ਕਿ ਉਹ ਆਤਮ-ਸਮਰਪਣ ਕਰ ਦੇਵੇਗਾ, ਪਰ ਅਜਿਹਾ ਨਹੀਂ ਹੋਇਆ। ਪੀਲ ਖੇਤਰੀ ਪੁਲਿਸ ਇਸ ਮਾਮਲੇ ਦੀ ਪ੍ਰੋਜੈਕਟ 24 ਕੈਰੇਟ ਦੇ ਤੌਰ ‘ਤੇ ਜਾਂਚ ਕਰ ਰਹੀ ਹੈ। ਪੀਲ ਖੇਤਰੀ ਪੁਲਿਸ ਦੇ ਦਸਤਾਵੇਜ਼ਾਂ ਅਨੁਸਾਰ, 20 ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਇੱਕ ਸਾਲ ਤੋਂ ਵੱਧ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਟਰੈਕਿੰਗ, ਇੰਟਰਵਿਊ ਅਤੇ ਸੀ.ਸੀ.ਟੀ.ਵੀ. ਜਾਂਚ ਵਰਗੇ ਕੰਮ ਕੀਤੇ। ਜਿਸ ਵਿੱਚ ਟਰੱਕ ਨੂੰ ਵੀ ਟਰੈਕ ਕੀਤਾ ਗਿਆ। ਜਾਂਚ ਅਨੁਸਾਰ, ਇਹ ਉਹੀ ਟਰੱਕ ਹੈ ਜਿਸ ਵਿੱਚ ਕਾਰਗੋ ਟਰਮੀਨਲ ਤੋਂ ਸੋਨੇ ਦੀਆਂ ਛੜਾਂ ਕੱਢੀਆਂ ਗਈਆਂ ਸਨ। ਸਿਮਰਨਪ੍ਰੀਤ ਦੇ ਵਕੀਲ ਗ੍ਰੈਗ ਲਾਫੋਂਟੇਨ ਨੇ ਜੂਨ 2024 ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਕੈਨੇਡਾ ਦੀ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ ਅਤੇ ਉਹ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਕੈਨੇਡਾ ਵਾਪਸ ਜਾਣ ਦੀ ਤਿਆਰੀ ਕਰ ਰਹੇ ਹਨ। ਇਸ ਮਾਮਲੇ ਵਿੱਚ ਅਜੇ ਤੱਕ 9 ਲੋਕਾਂ ‘ਤੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ ਕੁਝ ‘ਤੇ ਚੋਰੀ, ਸਾਜ਼ਿਸ਼ ਅਤੇ ਅਪਰਾਧ ਤੋਂ ਪ੍ਰਾਪਤ ਸੰਪੱਤੀ ਰੱਖਣ ਦੇ ਦੋਸ਼ ਹਨ। ਪੀਲ ਖੇਤਰੀ ਪੁਲਿਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਿਮਰਨਪ੍ਰੀਤ ਸਿੰਘ ਦੇ ਆਤਮ-ਸਮਰਪਣ ਦੀ ਉਡੀਕ ਕਰ ਰਹੀ ਹੈ। Post navigation Previous Post ਬਰਨਾਲਾ ਪੁਲਿਸ ਵਲੋਂ 4 ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜ਼ਬਤNext Postਮਨੀਸ਼ ਸਿਸੋਦੀਆ ਦੇ ਪੰਜਾਬ ਦੇ ਸਕੂਲਾਂ ਦੇ ਦੌਰੇ ’ਤੇ ਭਖੀ ਸਿਆਸਤ