– 2023-24 ਲਈ 788 ਜ਼ਿਲ੍ਹਿਆਂ ਦੇ ਬੁਨਿਆਦੀ ਢਾਂਚੇ ਸਮੇਤ 6 ਮਾਪਦੰਡਾਂ ਦਾ ਹੋਇਆ ਸੀ ਮੁਲਾਂਕਣ
ਬਰਨਾਲਾ, 24 ਜੂਨ (ਰਵਿੰਦਰ ਸ਼ਰਮਾ) : ਕੇਂਦਰੀ ਸਕੂਲ ਸਿੱਖਿਆ ਵਿਭਾਗ ਵਲੋ ਜਾਰੀ ਕਾਰਗੁਜ਼ਾਰੀ ਦਰਜਾ ਸੂਚਕ ਅੰਕ (ਪਰਫਾਰਮੈਂਸ ਗਰੇਡਿੰਗ ਇੰਡਕੈਸ ਰਿਪੋਰਟ) 2023-24 ’ਚ ਦੇਸ਼ ਦੇ 788 ਜ਼ਿਲ੍ਹਿਆਂ ਦੇ ਕੀਤੇ ਮੁਲਾਂਕਣ ’ਚੋਂ ਪੰਜਾਬ ਦੇ ਬਰਨਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਬਰਨਾਲਾ ਨੇ 6 ਵੱਖ-ਵੱਖ ਮੁਲਾਂਕਣ ਮਾਪਦੰਡਾਂ ਲਈ ਰੱਖੇ ਗਏ ਕੁੱਲ 600 ਅੰਕਾਂ’ਚੋਂ 424 ਅੰਕ ਹਾਸਲ ਕੀਤੇ ਹਨ। ਦੇਸ਼ ਦੇ ਸਭ ਤੋਂ ਸੋਹਣੇ ਸ਼ਹਿਰਾਂ ’ਚ ਸ਼ੁਮਾਰ ਰਾਜਧਾਨੀ ਚੰਡੀਗੜ੍ਹ ਦੇ ਸਕੂਲ ਦੇ ਇਨ੍ਹਾ ਮੁਲਾਂਕਣ ਕਿਰਿਆਵਾਂ ’ਚ 412 ਅੰਕਾਂ ਨਾਲ ਦੇਸ਼ ਭਰ ’ਚੋਂ ਦੂਜੇ ਸਥਾਨ ’ਤੇ ਰਹੇੇ। ਤੀਜੇ ਸਥਾਨ ਲਈ ਸ਼੍ਰੀ ਮੁਕਤਸਰ ਸਾਹਿਬ ਨੇ 419 ਜਦੋਂਕਿ ਦੇਸ਼ ’ਚੋਂ ਚੌਥੇ ਸਭ ਤੋਂ ਵੱਧ 402 ਅੰਕਾਂ ਨਾਲ ਵੀ ਪੰਜਾਬ ਦਾ ਹੀ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਦੇ ਸਕੂਲਾਂ ਨੇ ਨਾਮਣਾ ਖੱਟਿਆ ਹੈ। ਸਾਲ 2022-23 ’ਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ 412 ਗਰੇਡ ਹਾਸਲ ਕਰਕੇ ਪਹਿਲੇ ਤੇ ਬਰਨਾਲਾ 407 ਗਰੇਡ ਨਾਲ ਦੇਸ਼ ’ਚੋਂ ਦੂਜੇ ਸਥਾਨ ’ਤੇ ਰਿਹਾ ਸੀ । ਇਸ ਸਾਲ ਅਪਣੇ ਪੁਰਾਣੇ ਗਰੇਡ ’ਚ ਬਰਨਾਲਾ ਜ਼ਿਲ੍ਹੇ ਨੇ 17 ਅੰਕਾਂ ਦਾ ਵਾਧਾ ਕਰਕੇ ਦੇਸ਼ ਵਿਆਪੀ ਪੀਜੀਆਈ ਰਿਪੋਰਟ ’ਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਦੂਜੇ ਪਾਸੇ ਪੰਜਾਬ ਦਾ ਸਭ ਤੋਂ ਹਾਈਟੈਕ ਜ਼ਿਲ੍ਹਾ ਹੋਣ ਦਾ ਦਾਅਵਾ ਕਰਦਾ ਸਹਿਬਜ਼ਾਦਾ ਅਜੀਤ ਸਿੰਘ ਨਗਰ ਮੁਲਾਂਕਣ ਰਿਪੋਰਟ ’ਚ ਸਿਰਫ 373 ਗਰੇਡ ਹੀ ਹਾਸਲ ਕਰ ਸਕਿਆ। ਦੇਸ਼ ਵਿਚ ਸਭ ਤੋ ਵੱਧ ਮਾੜਾ ਹਾਲ ਅਰੁਣਚਾਲ ਪ੍ਰਦੇਸ਼ ਦੇ ਜ਼ਿਲ੍ਹੇ ਲੌਂਗਡਿੰਗ ਦਾ ਰਿਹਾ, ਜਿਸਨੇ 600 ’ਚੋਂ ਸਿਰਫ 169 ਗਰੇਡ ਹੀ ਹਾਸਲ ਕੀਤੇ।
-14 ਲੱਖ 72 ਹਜ਼ਾਰ ਸਕੂਲਾਂ ’ਚ ਕਰਵਾਇਆ ਪਰਫਾਰਮੈਂਸ ਗਰੇਡ ਇੰਡੈਕਸ ਸਰਵੇ
ਜ਼ਿਕਰਯੋਗ ਹੈ ਕਿ ਕੇਂਦਰੀ ਸਕੂਲ ਸਿੱਖਿਆ ਵਿਭਾਗ ਨੇ 14 ਲੱਖ 72 ਹਜ਼ਾਰ ਸਕੂਲਾਂ ’ਚ ਪਰਫਾਰਮੈਂਸ ਗਰੇਡ ਇੰਡੈਕਸ ਸਰਵੇ ਕਰਵਾਇਆ ਸੀ। ਇਸ ’ਚ ਦੋ ਵੱਖ-ਵੱਖ ਸ਼੍ਰੇਣੀਆਂ ਦੇ 6 ਡੋਮੇਨਜ਼ ਦੀ ਪੜਤਾਲ ਕੀਤੀ ਗਈ। ਇਸ ਪੜਤਾਲ ’ਚ 98 ਲੱਖ ਅਧਿਆਪਕਾਂ ਤੇ 24 ਕਰੋੜ 8 ਲੱਖ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਕੁੱਲ 1000 ਅੰਕਾਂ ਲਈ 73 ਸੂਚਕਾਂ ਦੀਆਂ ਦੋ ਵੱਖ-ਵੱਖ ਸ਼੍ਰੇਣੀਆਂ ਦੇ 6 ਮਾਡਿਊਲ ਤਿਆਰ ਕੀਤੇ ਗਏ ਸਨ। ਜਿਨ੍ਹਾਂ ’ਚ ਸੂਬਿਆਂ ਤੇ ਜ਼ਿਲ੍ਹਿਆਂ ਦੀ ਗੁਣਵੱਤਾ ਤੇ ਸਿਖਲਾਈ ਪੱਧਰ ਮਾਪੇ ਗਏ ਹਨ। ਇਨ੍ਹਾਂ ਨੂੰ ਅੱਗੇ ਨੰਬਰਾਂ ਦੇ ਆਧਾਰ ’ਤੇ ਗਰੇਡ ਦਿੱਤੇ ਗਏ। ਜਿਨ੍ਹਾਂ ’ਚੋਂ ਦਕਸ਼, ਉਤਰਕਰਸ਼, ਅਤਿ ਉਤਮ, ਪਰਚੇਸ਼ਟਾ-1,2,3-ਅਕਾਂਸ਼ੀ-1,2,3 ਸ਼ਾਮਲ ਸਨ।
—ਦਿੱਲੀ ਤੇ ਚੰਡੀਗੜ੍ਹ ਨਾਲੋਂ ਇਨ੍ਹਾਂ ਖੇਤਰਾਂ ’ਚ ਅੱਗੇ ਬਰਨਾਲਾ
ਮੁਲਾਂਕਣ ਰਿਪੋਰਟ ਦੇ ਮਾਪਦੰਡ ਸਿੱਖਣ ਦੇ ਨਤੀਜਿਆਂ ’ਚ ਨਵੀਂ ਦਿੱਲੀ ਨਾਲੋਂ 48 ਜਦੋਂ ਕਿ ਚੰਡੀਗੜ੍ਹ ਨਾਲੋਂ 27 ਅੰਕ ਜ਼ਿਆਦਾ ਹੈ। ਦਿੱਲੀ ਨੂੰ ਇਸ ਖੇਤਰ ’ਚ 290 ’ਚੋਂ 139 ਜਦੋਂ ਚੰੰਡੀਗੜ੍ਹ ਨੂੰ 170 ਅੰਕ ਮਿਲੇ ਹਨ। ਇਸੇ ਤਰ੍ਹਾਂ ਗਵਰਨੈਂਸ ਪ੍ਰੋਸੈਸ\ਸਾਸ਼ਨ ਪ੍ਰੀਕ੍ਰਿਆ ’ਚ ਬਰਨਾਲਾ ਨੂ 63 ਅੰਕ ਮਿਲੇ। ਜਦੋਂ ਕਿ ਚੰਡੀਗੜ੍ਹ ਤੇ ਦਿੱਲੀ 62-62 ਅੰਕ ਹਾਸਲ ਕਰ ਸਕੇ। ਡਿਜੀਟਲ ਲਰਨਿੰਗ ਬਰਨਾਲਾ ਤੇ ਦਿੱਲੀ ਨਾਲੋਂ ਚੰਡੀਗੜ੍ਹ 3 ਅੰਕਾਂ ਨਾਲ ਅੱਗੇ ਰਿਹਾ। ਇਸ ਮੱਦ ’ਚ ਬਰਨਾਲਾ ਤੇ ਦਿੱਲੀ ਨੂੰ 50 ’ਚੋ 34-34 ਅੰਕ ਮਿਲੇ ਸਨ।
—ਇਹ ਸਨ ਮੁਲਾਂਕਣ ਦੇ ਮੁੱਖ ਮਾਪਦੰਡ
ਸਕੂਲ ਸਿੱਖਿਆ ਵਿਭਾਗ ਨੇ ਸੂਬਿਆਂ ਤੇ ਜ਼ਿਲ੍ਹਿਆਂ ’ਚੋਂ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਤੋਂ ਇਲਾਵਾ ਵਿਦਿਆਰਥੀਆਂ ਦਾ ਬੌਧਿਕ ਪੱਧਰ ਤੇ ਸਿੱਖਿਆ ਦਾ ਮਿਆਰ ਵਰਗੇ ਮਾਪਦੰਡਾਂ ਦਾ ਮੁਲਾਂਕਣ ਕੀਤਾ ਗਿਆ ਸੀ। ਸਾਲ 2023-24 ਦੀ ਮੁਲਾਂਕਣ ਰਿਪੋਰਟ ਅਨੁਸਾਰ ਬਰਨਾਲਾ ਨੇ ਸਿੱਖਣ ਦੇ ਨਤੀਜਿਆਂ ’ਚ ਪਿਛਲੇ ਸਾਲ ਨਾਲੋਂ 4 ਅੰਕਾਂ ਦਾ ਵਾਧਾ ਕੀਤਾ ਹੈ। ਪਿਛਲੇ ਸਾਲ 290 ’ਚੋਂ ਬਰਨਾਲਾ ਨੇ ਕੁੱਲ 193 ਅੰਕ ਹਾਸਲ ਕੀਤੇ ਸਨ। ਇਸੇੇ ਤਰ੍ਹਾਂ ਪ੍ਰਭਾਵਸ਼ਾਲੀ ਕਲਾਸਰੂਮ ’ਚ ਮਾਪਦੰਡ ਦੇ ਕੁੱਲ 90 ਅੰਕਾਂ ’ਚੋਂ ਇਸ ਸਾਲ 74 ਅੰਕ ਗਰੇਡ ਹਾਸਲ ਕੀਤਾ ਹੈ। ਜੋ ਕਿ ਲੰਘੇ ਸਾਲ ਨਾਲੋਂ 5 ਅੰਕ ਜ਼ਿਆਦਾ, ਪਰ ਇਸ ਸਾਲ ਬਰਨਾਲਾ ਜ਼ਿਲ੍ਹੇ ਨੇ ਬੁਨਿਆਦੀ ਢਾਂਚਾ ਤੇ ਸਹੂਲਤਾਂ ਤੇ ਵਿਦਿਆਰਥੀ ਹੱਕ ਲਈ ੱਖੇ 51 ਅੰਕਾਂ ’ਚੋਂ ਕੁੱਲ 36 ਅੰਕ ਹਾਸਲ ਕੀਤੇ ਹਨ। ਜੋ ਕਿ ਲੰਘੇ ਸਾਲ ਨਾਲੋਂ 2 ਅੰਕ ਘੱਟ ਹੈ। ਇਸੇ ਤਰ੍ਹਾਂ ਹੋਰਨਾ ਰੋਜ਼ਾਨਾ ਕਿਰਿਆਵਾਂ ਡਿਜ਼ੀਟਲ ਸਿਖਲਾਈ ’ਚ 34 ਸ਼ਾਸਨ ਗਵਰਨੈਂਸ ਪਰੋਸੈਸ ਦੇ ਕੁੱਲ 84 ਅੰਕਾਂ ’ਚੋਂ 63 ਅੰਕ ਹਾਸਲ ਕੀਤੇ। ਲਰਨਿੰਗ ਆਊਟਕਮ ’ਚੋਂ ਜ਼ਿਆਦਾ 290 ਅੰਕ ਸਿੱਖਣ ਕਿਰਿਆਵਾਂ ਦੇ ਸਨ। ਜਿਨ੍ਹਾਂ ਵਿਚ ਬਰਨਾਲਾ ਨੇ 197 ਅੰਕ ਹਾਸਲ ਕੀਤੇ ਹਨ। ਇਸ ਮਾਡਿਊਲ ’ਚ ਰਾਜਸਥਾਨ ਦਾ ਜ਼ਿਲ੍ਹਾ ਧੌਲਪੁਰ 202 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਿਹਾ ਹੈ।