ਦੋ ਪਹੀਆ ਵਾਹਨਾਂ ਲਈ ਐਂਟਰੀ ਹੋਵੇਗੀ ਮੁਫ਼ਤ, ਕਾਰਾਂ ਲਈ ਪ੍ਰਤੀ ਐਂਟਰੀ ਫੀਸ 25 ਰੁਪਏ
ਬਰਨਾਲਾ, 25 ਜੂਨ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਵਿੱਚ ਪਾਰਕਿੰਗ ਦੀ ਸਮੱਸਿਆ ਦਾ ਹੱਲ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੱਡਾਖ਼ਾਨਾ ਵਾਲੀ ਥਾਂ ‘ਤੇ ਪਾਰਕਿੰਗ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਇਸ ਪਾਰਕਿੰਗ ‘ਚ ਦੋ ਪਹੀਆ ਵਾਹਨਾਂ ਦੀ ਐਂਟਰੀ ਮੁਫਤ ਹੋਵੇਗੀ ਅਤੇ ਨਾਲ ਹੀ ਕਾਰਾਂ ਲਈ 25 ਰੁਪਏ ਪ੍ਰਤੀ ਐਂਟਰੀ ਫੀਸ ਤੈਅ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਥਾਂ ‘ਤੇ ਸਦਰ ਬਾਜ਼ਾਰ, ਫਰਵਾਹੀ ਬਾਜ਼ਾਰ, ਹੰਡਿਆਇਆ ਬਾਜ਼ਾਰ ਤੇ ਸਿਵਲ ਹਸਪਤਾਲ ਆਉਣ ਵਾਲੇ ਲੋਕ ਆਪਣੀਆਂ ਗੱਡੀਆਂ ਪਾਰਕ ਕਰ ਸਕਦੇ ਹਨ। ਮਾਰਕੀਟ ਕਮੇਟੀ ਦੀ ਇਸ ਥਾਂ ‘ਤੇ ਫਿਲਹਾਲ ਸਫ਼ਾਈ ਦਾ ਕੰਮ ਚੱਲ ਰਿਹਾ ਹੈ ਅਤੇ 30 ਜੂਨ ਤੋਂ ਇੱਥੇ ਪਾਰਕਿੰਗ ਦੀ ਸਹੂਲਤ ਸ਼ੁਰੂ ਕਰ ਦਿੱਤੀ ਜਾਵੇਗੀ।
ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਵਸੂਲੀ ਦੀ ਰਕਮ 24 ਘੰਟੇ ਦੌਰਾਨ ਇੱਕ ਵਾਰ ਦੀ ਐਂਟਰੀ ਲਈ ਹੀ ਵੈਧ ਹੋਵੇਗੀ ਅਤੇ ਮਲਟੀਪਲ (ਕਈ ਵਾਰ ਆਵਾਜਾਈ) ਐਂਟਰੀ ਦੀ ਇਜਾਜ਼ਤ ਨਹੀ ਹੋਵੇਗੀ। 24 ਘੰਟੇ ਦੌਰਾਨ ਮਲਟੀਪਲ ਐਂਟਰੀ ਲਈ ਸਕੱਤਰ, ਮਾਰਕਿਟ ਕਮੇਟੀ ਨੂੰ ਪ੍ਰਾਰਥੀ ਵੱਲੋਂ ਲਿਖਤੀ ਮੰਗ ਕਰਨ ‘ਤੇ ਠੇਕੇਦਾਰ ਵੱਲੋ ਵੱਖਰਾ ਐਂਟਰੀ ਪਾਸ ਜਾਰੀ ਕੀਤਾ ਜਾਵੇਗਾ, ਜਿਸ ਦਾ ਰੇਟ ਸਿੰਗਲ ਐਂਟਰੀ ਨਾਲੋਂ ਦੁੱਗਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ਰਿਕਾਰਡ ਠੇਕੇਦਾਰ ਵੱਲੋਂ ਵੱਖਰੇ ਤੌਰ ‘ਤੇ ਰੱਖਿਆ ਜਾਵੇਗਾ।
– ਬਾਜ਼ਾਰਾਂ ਵਿੱਚ ਟ੍ਰੈਫਿਕ ਸਮੱਸਿਆ ਦਾ ਹੋਵੇਗਾ ਹੱਲ
ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਖਾਸ ਕਰਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਸਿਵਲ ਹਸਪਤਾਲ ਨੇੜੇ ਟ੍ਰੈਫ਼ਿਕ ਦੀ ਕਾਫ਼ੀ ਸਮੱਸਿਆ ਸੀ। ਓਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਦੇਖਦੇ ਹੋਏ ਮਾਰਕੀਟ ਕਮੇਟੀ ਦੀ ਇਸ ਜਗ੍ਹਾ ਵਿੱਚ ਪਾਰਕਿੰਗ ਬਣਾਈ ਜਾ ਰਹੀ ਹੈ ਜਿਸ ਨਾਲ ਟ੍ਰੈਫਿਕ ਸਮੱਸਿਆ ਕਾਫ਼ੀ ਹੱਦ ਤਕ ਘਟ ਜਾਵੇਗੀ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

Posted inਬਰਨਾਲਾ