ਬਰਨਾਲਾ, 25 ਜੂਨ (ਰਵਿੰਦਰ ਸ਼ਰਮਾ) : ਸ਼ਹਿਰ ਦੇ ਬੱਸ ਅੱਡੇ ’ਤੇ ਇੱਕ ਨਾਬਾਲਿਗ ਬੱਚਾ ਘੁੰਮ ਰਿਹਾ ਸੀ, ਜਿਸਨੂੰ ਬੱਸ ਅੱਡਾ ਚੌਕੀ ਦੀ ਪੁਲਿਸ ਵੱਲੋਂ ਸਮਝਦਾਰੀ ਨਾਲ ਕੰਮ ਲੈਂਦੇ ਹੋਏ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ, ਇਹ ਬੱਚਾ ਜ਼ਿਲ੍ਹਾ ਮਾਨਸਾ ਦੇ ਪਿੰਡ ਜੋਗਾ ਤੋਂ ਆਪਣੇ ਮਾਪਿਆਂ ਨਾਲ ਝਗੜਾ ਕਰਕੇ ਬਰਨਾਲਾ ਆ ਗਿਆ ਸੀ। ਇਸ ਮਾਮਲੇ ‘ਚ ਹੋਰ ਜਾਣਕਾਰੀ ਦਿੰਦਿਆਂ ਨਾਬਾਲਿਗ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੇ ਆਪਣੇ ਪੁੱਤਰ ਨੂੰ ਕਿਸੇ ਗੱਲ ‘ਤੇ ਥੋੜ੍ਹਾ ਜਿਹਾ ਡਾਂਟ ਦਿੱਤਾ ਸੀ, ਜਿਸ ਕਰਕੇ ਉਹ ਘਰੋਂ ਨਾਰਾਜ਼ ਹੋ ਕੇ ਕਿਤੇ ਚਲਾ ਗਿਆ। ਬੱਚਾ ਗੁੰਮ ਹੋਣ ਕਾਰਨ ਉਹ ਅਤੇ ਪਿੰਡ ਦੇ ਹੋਰ ਲੋਕ ਉਸਨੂੰ ਲੱਭਦੇ ਰਹੇ। ਕੁਝ ਸਮੇਂ ਬਾਅਦ ਇਕ ਰਿਸ਼ਤੇਦਾਰ ਨੇ ਫੋਨ ਕਰਕੇ ਦੱਸਿਆ ਕਿ ਬੱਚਾ ਬਰਨਾਲਾ ਦੇ ਬਸ ਅੱਡਾ ਪੁਲਿਸ ਚੌਕੀ ‘ਚ ਮਿਲਿਆ ਹੈ। ਫਿਰ ਉਹ ਤੁਰੰਤ ਉੱਥੇ ਪਹੁੰਚੇ ਜਿੱਥੇ ਉਨ੍ਹਾਂ ਨੂੰ ਉਹਨਾਂ ਦਾ ਪੁੱਤਰ ਸੁਰੱਖਿਅਤ ਮਿਲ ਗਿਆ। ਬਲਦੇਵ ਸਿੰਘ ਨੇ ਬਰਨਾਲਾ ਪੁਲਿਸ ਅਤੇ ਬੱਸ ਅੱਡਾ ਚੌਕੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮਾਮਲੇ ਬਾਰੇ ਬੱਸ ਅੱਡਾ ਚੌਕੀ ਦੇ ਏ.ਐਸ.ਆਈ. ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਸ਼ਖ਼ਸ ਵੱਲੋਂ ਸੂਚਨਾ ਮਿਲੀ ਸੀ ਕਿ ਇੱਕ ਨਾਬਾਲਿਗ ਬੱਚਾ ਬੱਸ ਅੱਡੇ ‘ਤੇ ਇਕੱਲਾ ਘੁੰਮ ਰਿਹਾ ਹੈ। ਫਿਰ ਉਨ੍ਹਾਂ ਨੇ ਬੱਚੇ ਨੂੰ ਪਿਆਰ ਨਾਲ ਆਪਣੇ ਕੋਲ ਬਿਠਾਇਆ ਅਤੇ ਉਸਦੇ ਮਾਪਿਆਂ ਬਾਰੇ ਪੁੱਛਗਿੱਛ ਕੀਤੀ। ਬੱਚੇ ਨੇ ਆਪਣੇ ਪਿਤਾ ਦਾ ਨਾਮ ਤਾਂ ਦੱਸ ਦਿੱਤਾ ਪਰ ਪਿੰਡ ਦਾ ਨਾਂਮ ਨਹੀਂ ਦੱਸ ਸਕਿਆ। ਬਾਅਦ ‘ਚ ਉਸਨੇ ਆਪਣੀ ਮਾਂ ਦਾ ਮੋਬਾਈਲ ਨੰਬਰ ਦਿੱਤਾ, ਜਿਸ ਰਾਹੀਂ ਪੁਲਿਸ ਨੇ ਪਿੰਡ ਦੀ ਪੰਚਾਇਤ ਅਤੇ ਮਾਮੇ ਨਾਲ ਸੰਪਰਕ ਕੀਤਾ। ਫਿਰ ਬੱਚੇ ਦੇ ਮਾਪੇ ਅਤੇ ਹੋਰ ਗਾਊਂ ਵਾਸੀ ਚੌਕੀ ‘ਚ ਪਹੁੰਚੇ, ਜਿੱਥੇ ਪੁਲਿਸ ਨੇ ਬੱਚੇ ਨੂੰ ਸੁਰੱਖਿਅਤ ਤੌਰ ’ਤੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ।

Posted inਬਰਨਾਲਾ
