ਲੁਧਿਆਣਾ, 28 ਜੂਨ (ਰਵਿੰਦਰ ਸ਼ਰਮਾ) : ਬੀਤੀ ਦੇਰ ਰਾਤ ਲੁਧਿਆਣਾ ਦੇ ਦੁੱਗਰੀ ਇਲਾਕੇ ‘ਚ 200 ਫੁੱਟੀ ਰੋਡ ‘ਤੇ ਇੱਕ ਨਾਮੀ ਕਾਰੋਬਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਅਣਪਛਾਤੇ ਬਦਮਾਸ਼ਾਂ ਵੱਲੋਂ ਬੇਰਹਿਮੀ ਨਾਲ ਕੀਤੇ ਗਏ ਕਤਲ ਦੀਆਂ ਖੌਫਨਾਕ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜੋ ਕਿ ਹੈਰਾਨ ਕਰਨ ਵਾਲੀਆਂ ਹਨ। ਮ੍ਰਿਤਕ ਕਾਰੋਬਾਰੀ ਦਾ ਨਾਂ ਕੁਲਦੀਪ ਸਿੰਘ ਮੁੰਡੀਆਂ ਸੀ ਅਤੇ ਉਹ ਕਾਰੋਬਾਰ ਦੇ ਨਾਲ-ਨਾਲ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਵੀ ਰਹੇ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
– ਕਤਲ ਦੀ ਵੀਡੀਓ ਆਈ ਸਾਹਮਣੇ
ਜਾਣਕਾਰੀ ਮੁਤਾਬਿਕ ਜਿਸ ਸਮੇਂ ਪ੍ਰਾਪਰਟੀ ਕਾਰੋਬਾਰੀ ਕੁਲਦੀਪ ਸਿੰਘ ਮੁੰਡੀਆਂ ਆਪਣੇ ਫਾਰਮ ਹਾਊਸ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਅਚਾਨਕ ਹੀ ਕੁਝ ਅਣਪਛਾਤੇ ਬਦਮਾਸ਼ਾਂ ਨੇ ਉਨ੍ਹਾਂ ਨੂੰ ਰਾਹ ਵਿੱਚ ਘੇਰਾ ਪਾ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਤੋਂ ਬਾਅਦ ਇੱਕ ਵਾਰ ਕਰਨੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਕੁਲਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਇਸ ਵਾਰਦਾਤ ਮੌਕੇ ਇੱਕ ਰਾਹਗੀਰ ਵੱਲੋਂ ਵੀਡੀਓ ਵੀ ਬਣਾਈ ਗਈ ਹੈ ਜੋ ਕਿ ਵਾਇਰਲ ਹੋ ਰਹੀ ਹੈ।
– ਪੁਲਿਸ ਕਰ ਰਹੀ ਪੜਤਾਲ
ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ ਅਤੇ ਮੁਲਜ਼ਮਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਵਨੀਤ ਕੌਰ ਨੇ ਕਿਹਾ ਕਿ ‘ਕੁਲਦੀਪ ਸਿੰਘ ਨਾਮਕ ਪ੍ਰਾਪਰਟੀ ਡੀਲਰ ਦਾ ਕੁਝ ਨੌਜਵਾਨਾਂ ਨੇ ਕਤਲ ਕਰ ਦਿੱਤਾ ਹੈ। ਫਿਲਹਾਲ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਉਹ ਕੌਣ ਸਨ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਇਸ ਕਤਲ ਪਿੱਛੇ ਕੀ ਕਾਰਨ ਹਨ ਪੁਲਿਸ ਵੱਲੋਂ ਇਸਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮ੍ਰਿਤਕ ਕੁਲਦੀਪ ਸਿੰਘ ਆਪਣੇ ਫਾਰਮ ਹਾਊਸ ਤੋਂ ਆਪਣੇ ਘਰ ਜਾ ਰਿਹਾ ਸੀ ਕਿ ਰਸਤੇ ਵਿੱਚ ਉਸਦਾ ਕਤਲ ਕਰ ਦਿੱਤਾ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਜਲਦੀ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
– ਪਰਿਵਾਰ ਨੂੰ ਮਿਲੇ ਇਨਸਾਫ
ਮੌਕੇ ‘ਤੇ ਮੌਜੂਦ ਸ਼ਹੀਦ ਭਗਤ ਸਿੰਘ ਨਗਰ ਦੇ ਸਰਪੰਚ ਸੰਜੇ ਤਿਵਾੜੀ ਨੇ ਕਿਹਾ ਕਿ “ਸਾਨੂੰ ਸੂਚਨਾ ਮਿਲੀ ਸੀ ਕਿ ਇਸ ਥਾਂ ‘ਤੇ ਕਿਸੇ ਦਾ ਕਤਲ ਹੋਇਆ ਹੈ, ਜਦੋਂ ਅਸੀਂ ਇਥੇ ਆਕੇ ਦੇਖਿਆ ਤਾਂ ਕੁਲਦੀਪ ਸਿੰਘ ਪ੍ਰਾਪਰਟੀ ਕਾਰੋਬਾਰੀ ਦੀ ਲਾਸ਼ ਪਈ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਮਾਰੂਤੀ ਸਵਿਫਟ ਕਾਰ ਵਿੱਚ ਸਵਾਰ ਕੁਝ ਬੰਦੇ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਉਨ੍ਹਾਂ ਨੇ ਹਾਈਵੇਅ ‘ਤੇ ਉਨ੍ਹਾਂ ਦੀ ਗੱਡੀ ਨੂੰ ਰੋਕਿਆ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।’
