ਚੰਡੀਗੜ੍ਹ, 28 ਜੂਨ (ਰਵਿੰਦਰ ਸ਼ਰਮਾ) : ਇੱਕ ਪਾਸੇ ਬੀਤੇ ਕੁਝ ਦਿਨ ਪਹਿਲਾਂ ਵਿਜੀਲੈਂਸ ਵਿਭਾਗ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਪਣੀ ਹਿਰਾਸਤ ‘ਚ ਲਿਆ ਗਿਆ ਤਾਂ ਦੂਜੇ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਮੀਡੀਆ ਸਾਹਮਣੇ ਆਏ ਹਨ। ਇਸ ਦੌਰਾਨ ਉਨ੍ਹਾਂ ਜਿਥੇ ਸਰਕਾਰ ‘ਤੇ ਨਿਸ਼ਾਨੇ ਸਾਧੇ ਤਾਂ ਉਥੇ ਹੀ ਆਪਣੇ ਸਿਆਸੀ ਵਿਰੋਧੀਆਂ ‘ਤੇ ਵੀ ਵਰ੍ਹਦੇ ਨਜ਼ਰ ਆਏ।
– ਖੇਤਰੀ ਪਾਰਟੀ ਖ਼ਤਮ ਕਰਨ ਦੀ ਕੋਸ਼ਿਸ਼
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਤੇ ਹੁਣ ਦੀ ਮੌਜੂਦਾ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ, ਬਾਦਲ ਪਰਿਵਾਰ ਅਤੇ ਹੁਣ ਬਿਕਰਮ ਮਜੀਠੀਆ ‘ਤੇ ਝੂਠੇ ਇਲਜ਼ਾਮ, ਝੂਠੇ ਕੇਸ ਤੇ ਹੁਣ ਝੂਠੀ ਗ੍ਰਿਫ਼ਤਾਰੀ ਪਾਈ ਹੈ। ਇਸ ਸਬੰਧੀ ਉਹ ਸਾਰਾ ਬਿਆਨ ਕਰਨਗੇ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਲੋਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨਾ ਚਾਹੁੰਦੇ ਹਨ।
– ਕੈਪਟਨ ਨੇ ਵੀ ਕੀਤਾ ਸੀ ਝੂਠਾ ਪ੍ਰਚਾਰ
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੌਰਾਨ ਝੂਠਾ ਪ੍ਰਚਾਰ ਕੀਤਾ ਕਿ ਅਸੀਂ 3500 ਕਰੋੜ ਦੀ ਜਾਇਦਾਦ ਹਾਸਲ ਕੀਤੀ ਹੈ। ਉਸ ਮਾਮਲੇ ਦੀ ਜਾਂਚ ਸਾਬਕਾ ਡੀਜੀਪੀ ਚਟੋਪਾਧਿਆਏ ਦੁਆਰਾ ਵੀ ਕੀਤੀ ਗਈ ਸੀ ਪਰ ਇਸ ਵਿੱਚ ਕੋਈ ਤੱਥ ਸਾਹਮਣੇ ਨਹੀਂ ਆਇਆ। ਇਸ ਸਬੰਧੀ ਅਦਾਲਤ ਵਿੱਚ ਕੁਝ ਵੀ ਸਾਬਤ ਨਹੀਂ ਹੋਇਆ। ਇਸ ਤੋਂ ਬਾਅਦ ਸਾਡੀ ਸਰਕਾਰ ਲਗਾਤਾਰ ਦੋ ਵਾਰ ਬਣੀ ਤੇ ਅਸੀਂ ਸੂਬੇ ਦਾ ਵਿਕਾਸ ਕੀਤਾ। ਜਿਸ ਤੋਂ ਬਾਅਦ ਵਿਰੋਧੀਆਂ ਵੱਲੋਂ ਫਿਰ ਤੋਂ ਇਕੱਠੇ ਹੋਕੇ ਸਾਡੇ ‘ਤੇ ਇਲਜ਼ਾਮ ਲਗਾੳਣੇ ਸ਼ੁਰੂ ਕਰ ਦਿੱਤੇ ਗਏ। ਇਸ ਤੋਂ ਬਾਅਦ ਸਾਡੇ ‘ਤੇ ਬੇਅਦਬੀ ਦੇ ਦੋਸ਼ ਲਗਾਏ ਗਏ ਪਰ ਅੱਜ ਤੱਕ ਸਾਡੇ ‘ਤੇ ਇੱਕ ਵੀ ਕੇਸ ਬੇਅਦਬੀ ਦਾ ਨਹੀਂ ਹੈ।
– ਅਕਾਲੀ ਸਰਕਾਰ ਨੇ ਫੜਿਆ ਜਗਦੀਸ਼ ਭੋਲਾ
ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਅਕਾਲੀ ਸਰਕਾਰ ਸਮੇਂ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਅਤੇ ਕਈ ਵੱਡੇ ਤਸਕਰਾਂ ਨੂੰ ਫੜਿਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਹੀ ਜਗਦੀਸ਼ ਭੋਲਾ ਨੂੰ ਫੜਿਆ ਗਿਆ ਸੀ ਤੇ ਜੇਕਰ ਕੋਈ ਅਜਿਹੀ ਗੱਲ ਹੁੰਦੀ ਤਾਂ ਉਸ ਦੀ ਗ੍ਰਿਫ਼ਤਾਰੀ ਕਿਉਂ ਕਰਦੇ। ਉਨ੍ਹਾਂ ਕਿਹਾ ਕਿ ਜੇਕਰ ਕਸ਼ਮੀਰ ਵਿੱਚ ਕੋਈ ਅੱਤਵਾਦੀ ਫੜਿਆ ਜਾਂਦਾ ਹੈ ਅਤੇ ਉਹ ਅੱਤਵਾਦੀ ਕਹਿੰਦਾ ਹੈ ਕਿ ਅਮਿਤ ਸ਼ਾਹ ਨੇ ਮੈਨੂੰ ਭੇਜਿਆ ਹੈ ਤਾਂ ਕੀ ਤੁਸੀਂ ਇਸ ‘ਤੇ ਵਿਸ਼ਵਾਸ ਕਰੋਗੇ? ਬਾਦਲ ਨੇ ਕਿਹਾ ਕਿ ਹੁਣ ਸਾਡੇ ਨਾਲ ਵੀ ਇਹ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ‘ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ।
– ਮਜੀਠਆ ਖਿਲਾਫ਼ ਹੁਣ ਤੱਕ ਨੀ ਪੇਸ਼ ਹੋਇਆ ਚਲਾਨ
ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਜਗਦੀਸ਼ ਭੋਲਾ ਦੀ ਗ੍ਰਿਫ਼ਤਾਰੀ ਸਬੰਧੀ ਕੁਝ ਨੀ ਕਿਹਾ ਪਰ ਉਸ ਦੇ ਬਿਆਨ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਸਰਕਾਰ ਆਈ ਅਤੇ 4 ਸਾਲ ਤੱਕ ਬਿਕਰਮ ਮਜੀਠੀਆ ਖਿਲਾਫ਼ ਕੁਝ ਨਹੀਂ ਕੀਤਾ। ਜਦੋਂ ਚੋਣਾਂ ਨੇੜੇ ਆਈਆਂ ਅਤੇ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ 2021 ਵਿੱਚ ਐਫਆਈਆਰ ਦਰਜ ਕੀਤੀ ਅਤੇ ਇਹ ਹੀ ਚਟੋਪਾਧਿਆਏ ਮਾਮਲੇ ਦੀ ਜਾਂਚ ਕਰਨ ਲੱਗਾ, ਪਰ ਅੱਜ ਤੱਕ ਇਸ ਮਾਮਲੇ ਵਿੱਚ ਇੱਕ ਵੀ ਚਲਾਨ ਪੇਸ਼ ਨਹੀਂ ਕੀਤਾ ਗਿਆ।
– ਹਾਈ ਕੋਰਟ ਤੇ ਸੁਪਰੀਮ ਕੋਰਟ ਵੱਲੋਂ ਜ਼ਮਾਨਤ
ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਪੁਲਿਸ ਕੋਲ ਬਿਕਰਮ ਮਜੀਠੀਆ ਵਿਰੁੱਧ ਕੋਈ ਸਬੂਤ ਨਹੀਂ ਹੈ ਅਤੇ ਹਾਈ ਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਮਜੀਠੀਆ ਖਿਲਾਫ਼ ਕਾਰਵਾਈ ਕਰਨ ਲਈ 5 ਐਸਆਈਟੀ ਬਣਾਈਆਂ ਪਰ ਕਿਸੇ ਨੂੰ ਕੁਝ ਨਹੀਂ ਮਿਲਿਆ। ਈਡੀ ਜੋ ਕਿ ਸਭ ਤੋਂ ਵੱਡੀ ਜਾਂਚ ਏਜੰਸੀ ਹੈ, ਉਸ ਨੂੰ ਵੀ ਇਸ ਮਾਮਲੇ ਵਿੱਚ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਜ਼ਮਾਨਤ ਰੱਦ ਕਰਵਾਉਣ ਲਈ ਮਾਨ ਸਰਕਾਰ ਸੁਪਰੀਮ ਕੋਰਟ ਗਈ ਪਰ ਸੁਪਰੀਮ ਕੋਰਟ ਨੇ ਵੀ ਇਹ ਸਵੀਕਾਰ ਕੀਤਾ ਕਿ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਸਹੀ ਗੱਲ ਕਹੀ ਹੈ ਤੇ ਬਿਕਰਮ ਮਜੀਠਆ ਦੀ ਜ਼ਮਾਨਤ ਬਰਕਰਾਰ ਰੱਖੀ।
– ਸ਼ਰਾਬ ਦੇ ਨਸ਼ੇ ‘ਚ CM ਵੱਲੋਂ ਡੀਜੀਪੀ ਨੂੰ ਫੋਨ
ਬਾਦਲ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਜਦੋਂ ਸਰਕਾਰ ਦੇ ਹੱਕ ‘ਚ ਕੋਈ ਫੈਸਲਾ ਨਾ ਦਿੱਤਾ ਤਾਂ ਇੰਨ੍ਹਾਂ ਦੇਖਿਆ ਕਿ ਨਸ਼ੇ ਦਾ ਮਾਮਲਾ ਤਾਂ ਖ਼ਤਮ ਹੋ ਗਿਆ ਪਰ ਮਜੀਠੀਆ ਸਾਡੇ ਖਿਲਾਫ਼, ਸਾਡੀ ਸਰਕਾਰ ਖਿਲਾਫ਼ ਜਾਂ ਸਾਡੇ ਵੱਲੋਂ ਕੀਤੇ ਘੁਟਾਲਿਆਂ ਨੂੰ ਲਗਾਤਾਰ ਉਜ਼ਾਗਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੱਕ ਨਸ਼ੇ ਦੇ ਮਾਮਲੇ ‘ਚ ਮਾਣਹਾਨੀ ਮਾਮਲਾ ਦਰਜ ਹੋਣ ‘ਤੇ ਮੁਆਫ਼ੀ ਮੰਗ ਲਈ ਤੇ ਸੰਜੇ ਸਿੰਘ ਜੇਲ੍ਹ ਜਾਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 24 ਜੂਨ ਰਾਤ ਸਾਢੇ 10 ਵਜੇ ਦੇ ਕਰੀਬ ਡੀਜੀਪੀ ਨੂੰ ਸ਼ਰਾਬ ਦੇ ਨਸ਼ੇ ‘ਚ ਫੋਨ ਕੀਤਾ ਤੇ ਧਮਕੀ ਦਿੱਤੀ ਕਿ ਮਜੀਠੀਆ ਨੂੰ ਅੰਦਰ ਕਰੋ ਨਹੀਂ ਮੈਂ ਡੀਜੀਪੀ ਦੇ ਅਹੁਦੇ ਤੋਂ ਲਾਂਭੇ ਕਰ ਦੇਵਾਂਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ 10:40 ‘ਤੇ ਡੀਜੀਪੀ ਨੇ ਵਿਜੀਲੈਂਸ ਨੂੰ ਕਾਰਵਾਈ ਕਰਨ ਲਈ ਲਿਖਿਆ ਤੇ ਸਵੇਰੇ ਤੜਕੇ 4:40 ‘ਤੇ ਵਿਜੀਲੈਂਸ ਵੱਲੋਂ ਉਸ ਰਿਪੋਰਟ ਨੂੰ ਅਧਾਰ ਬਣਾ ਕੇ ਮਾਮਲਾ ਦਰਜ ਕਰ ਲਿਆ, ਜਿਸ ਨੂੰ ਸੁਪਰੀਮ ਕੋਰਟ ਵੀ ਮੰਨਣ ਤੋਂ ਇਨਕਾਰ ਕਰ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਇਹ ਸਿੱਧੇ-ਸਿੱਧੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ।
– ਸਾਬਤ ਕਰਨ ਵਿਦੇਸ਼ ਤੋਂ ਆਇਆ ਪੈਸਾ
ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਚੈਲੰਜ ਦਿੰਦਾ ਹਾਂ ਕਿ ਉਹ ਇਹ ਸਾਬਤ ਕਰ ਦੇਣ ਕਿ ਸਾਲ 2007 ਤੋਂ ਲੈ ਕੇ ਅੱਜ ਤੱਕ ਕੋਈ ਪੈਸਾ ਵਿਦੇਸ਼ ਤੋਂ ਆਇਆ ਹੋਵੇ। ਉਨ੍ਹਾਂ ਕਿਹਾ ਕਿ ਮੈਂ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਝੂਠੇ ਕੇਸ ਦਰਜ ਕਰਨਾ ਇੱਕ ਅਪਰਾਧ ਹੈ, ਜੋ ਵੀ ਅਪਰਾਧ ਕਰਦਾ ਹੈ, ਉਸ ਤੋਂ ਜਵਾਬ ਮੰਗਿਆ ਜਾਵੇਗਾ। ਬਾਦਲ ਨੇ ਕਿਹਾ ਕਿ ਉਹ ਅਧਿਕਾਰੀ ਜੋ ਜਾਂਚ ਲਈ SIT ਵਿੱਚ ਨਿਯੁਕਤ ਕੀਤੇ ਗਏ ਸਾਰੇ ਚੋਰ ਅਤੇ ਡਕੈਤ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿੱਚ ਇਨ੍ਹਾਂ ਵਿਰੁੱਧ ਕੋਈ ਝੂਠਾ ਕੇਸ ਦਰਜ ਨਹੀਂ ਹੋਵੇਗਾ ਪਰ ਜਿਸ ਦਿਨ ਸਰਕਾਰ ਬਦਲੀ ਇਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
– ਸ਼ਰਾਬ ‘ਚ ਡੁੱਬ ਕੇ ਮਰ ਜਾਣ CM
ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੰਜ ਕੱਸਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਤ ਨੂੰ ਜੋ ਉਹ ਬੋਤਲ ਪੀਂਦੇ ਹਨ, ਦੋ ਬੋਤਲ ਮੰਗਵਾ ਕੇ ਉਸ ਹੀ ਸ਼ਰਾਬ ‘ਚ ਡੁੱਬ ਕੇ ਮਰ ਜਾਣਾ ਚਾਹੀਦਾ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਸ਼ਾਰੇ ‘ਤੇ ਕਿਸੇ ਵੀ ਅਧਿਕਾਰੀ ਦੀ ਨਿਯੁਕਤੀ ਜਾਂ ਤਬਾਦਲਾ ਨਹੀਂ ਕੀਤਾ ਜਾਂਦਾ। ਮੁੱਖ ਮੰਤਰੀ ਤੋਂ ਸਾਰੀਆਂ ਸ਼ਕਤੀਆਂ ਖੋਹ ਕੇ ਮੁੱਖ ਸਕੱਤਰਾਂ ਨੂੰ ਦੇ ਦਿੱਤੀਆਂ ਗਈਆਂ ਹਨ।
