ਸ਼ੇਰਪੁਰ, 28 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਸੰਗਰੂਰ ਦੇ ਬਲਾਕ ਸ਼ੇਰਪੁਰ ਦੇ ਪਿੰਡ ਬੜੀ ਵਿਖੇ ਬੀਤੀ ਰਾਤ ਕਰੀਬ 11:15 ਵਜੇ ਇੱਕ ਘਰ ਵਿੱਚ ਐਲ.ਪੀ.ਜੀ ਗੈਸ ਸਿਲੰਡਰ ਫਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਭਾਰੀ ਮਾਲੀ ਨੁਕਸਾਨ ਹੋਣ ਤੋਂ ਇਲਾਵਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਰ ਦੇ ਮਾਲਕ ਬਲਵਿੰਦਰ ਸਿੰਘ ਉਰਫ ਕਾਕਾ ਨੇ ਦੱਸਿਆ ਕਿ ਉਹ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਂਦਾ ਹੈ। ਬੀਤੀ ਰਾਤ ਉਹ ਗਰਮੀ ਜਿਆਦਾ ਹੋਣ ਕਾਰਨ ਆਪਣੇ ਪਤਨੀ ਅਤੇ ਦੋ ਬੇਟੀਆਂ ਸਮੇਤ ਘਰ ਦੀ ਛੱਤ ਤੇ ਸੁੱਤਾ ਪਿਆ ਸੀ ਤਾਂ ਕਰੀਬ 11:15 ਵਜੇ ਜ਼ੋਰਦਾਰ ਧਮਾਕਾ ਹੋਇਆ। ਜਿਸ ਨਾਲ ਉਸਦਾ ਪੂਰਾ ਪਰਿਵਾਰ ਅਤੇ ਉਹ ਖੁਦ ਸਹਿਮ ਉਠਿਆ ਤੇ ਧਮਾਕੇ ਦੀ ਅਵਾਜ ਸੁਣਕੇ ਨੇੜਲੇ ਘਰਾਂ ਦੇ ਲੋਕ ਵੀ ਆ ਗਏ। ਜਦੋ ਹੇਠਾਂ ਜਾਕੇ ਦੇਖਿਆ ਤਾਂ ਚਾਰੇ ਪਾਸੇ ਧੂੰਆਂ ਹੀ ਧੂੰਆਂ ਸੀ ਤੇ ਕੁਝ ਵੀ ਦਿਖਾਈ ਨਹੀ ਦੇ ਰਿਹਾ ਸੀ।

ਕੁਝ ਸਮੇ ਬਾਅਦ ਜਦੋਂ ਦੇਖਿਆ ਤਾਂ ਘਰੇਲੂ ਗੈਸ ਸਿਲੰਡਰ ਫਟਣ ਕਰਕੇ ਉਸਦੇ ਕਾਫੀ ਟੁਕੜੇ ਹੋ ਚੁੱਕੇ ਸਨ ਤੇ ਧਮਾਕਾ ਜਬਰਦਸਤ ਹੋਣ ਕਰਕੇ ਕਮਰੇ ਦਾ ਮੇਨ ਗੇਟ, ਕੂਲਰ, ਛੱਤ ਵਾਲਾ ਪੱਖਾਂ, ਮੋਟਰਸਾਈਕਲ, ਰਸੋਈ, ਬਾਥਰੂਮ ਅਤੇ ਘਰ ਦੀਆਂ ਹੋਰ ਵੱਖ-ਵੱਖ ਥਾਵਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਹਨ। ਬਲਵਿੰਦਰ ਸਿੰਘ ਉਰਫ ਕਾਕਾ ਨੇ ਦੱਸਿਆ ਕਿ ਜੋ ਗੈਸ ਸਿਲੰਡਰ ਫਟਿਆ ਹੈ ਉਹ ਇੰਡੈਨ ਕੰਪਨੀ ਦਾ ਸਿਲੰਡਰ ਉਸਨੇ 9 ਜੂਨ ਨੂੰ ਹੀ ਭਰਵਾਇਆ ਸੀ। ਪਿੰਡ ਬੜੀ ਦੇ ਸਰਪੰਚ ਚੌਧਰੀ ਮਨਵੀਰ ਸਿੰਘ ਸ਼ੈਰਾ, ਸਾਬਕਾ ਸਰਪੰਚ ਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਮੇਲ ਸਿੰਘ ਬੜੀ ਅਤੇ ‘ਆਪ’ ਹਲਕਾ ਮਹਿਲ ਕਲਾਂ ਸੋਸਲ ਮੀਡੀਆ ਇੰਚਾਰਜ ਅਮਨਪ੍ਰੀਤ ਸਿੰਘ ਪੀਤਾ ਬੜੀ ਨੇ ਕਿਹਾ ਕਿ ਪਰਿਵਾਰ ਅਤਿ ਗਰੀਬ ਹੈ ਤੇ ਮਿਹਨਤ ਮਜਦੂਰੀ ਕਰਦਾ ਹੈ ਜਿਸਦਾ ਕਾਫੀ ਮਾਲੀ ਨੁਕਸਾਨ ਹੋਇਆ ਹੈ। ਆਗੂਆਂ ਨੇ ਸਬੰਧਿਤ ਗੈਸ ਕੰਪਨੀ ਅਤੇ ਸਰਕਾਰ ਪਾਸੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਅਤੇ ਪਰਿਵਾਰ ਲਈ ਯੋਗ ਮੁਆਵਜੇ ਦੀ ਮੰਗ ਕੀਤੀ ਹੈ। ਆਸ਼ਿਮਾ ਗੈਸ ਏਜੰਸੀ ਦੇ ਮਾਲਕ ਗੁਰਵਿੰਦਰ ਸਿੰਘ ਗੁਰੀ ਨੇ ਕਿਹਾ ਕਿ ਉਹ ਇਸ ਹਾਦਸੇ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਰਹੇ ਹਨ। ਏਜੰਸੀ ਅਤੇ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦੇ ਨਾਲ-ਨਾਲ ਯੋਗ ਮੁਆਵਜਾ ਵੀ ਦਵਾਇਆ ਜਾਵੇਗਾ।