– ਪੰਜਾਬ ਸਰਕਾਰ ਨੇ ਸੁਧਾਰੀ ਗਲਤੀ, ਮੰਤਰੀ ਤੋਂ ਵਾਪਸ ਲਿਆ ਵਿਭਾਗ
ਚੰਡੀਗੜ੍ਹ, 22 ਫ਼ਰਵਰੀ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਨੇ ਇਕ ਅਜਿਹਾ ਵਿਭਾਗ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸੌਂਪ ਦਿੱਤਾ, ਜੋ ਅਸਲ ’ਚ ਸੀ ਹੀ ਨਹੀਂ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਕੁਲਦੀਪ ਧਾਲੀਵਾਲ 20 ਮਹੀਨੇ ਇਸ ਵਿਭਾਗ ਦੇ ਮੰਤਰੀ ਵੀ ਰਹੇ, ਪਰ ਨਾ ਤਾਂ ਉਨ੍ਹਾਂ ਨੂੰ ਵਿਭਾਗ ਮਿਲਿਆ ਤੇ ਨਾ ਹੀ ਵਿਭਾਗ ਨੂੰ ਕੋਈ ਕਮਰਾ ਮਿਲਿਆ। ਇਸ ਵਿਭਾਗ ਵਿੱਚ ਨਾ ਤਾਂ ਕੋਈ ਨੌਕਰ ਹੈ ਤੇ ਨਾ ਹੀ ਕੋਈ ਸਕੱਤਰ। ਨਾ ਹੀ ਇਸ ਵਿਭਾਗ ’ਚ ਕਦੇ ਕੋਈ ਮੀਟਿੰਗ ਹੋਈ ਹੈ। ਖ਼ੁਦ ਮੰਤਰੀ ਵੀ ਇਸਦੀ ਭਾਲ ’ਚ ਰਹੇ। ਪਰ ਜਿਵੇਂ ਹੀ ਇਹ ਮਾਮਲਾ ਸਰਕਾਰੀ ਉੱਚ ਅਧਿਕਾਰੀਆਂ ਦੀ ਨਜ਼ਰ ’ਚ ਆਇਆ ਤਾਂ ਸਰਕਾਰ ਨੇ ਇਸ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਪੰਜਾਬ ਸਰਕਾਰ ਨੇ ਇਸ ਲਈ ਬਕਾਇਦਾ ਸਰਕਾਰੀ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ। ਜਾਰੀ ਨੋਟੀਫਿਕੇਸ਼ਨ ਅਨੁਸਾਰ, ਪ੍ਰਸ਼ਾਸਨਿਕ ਸੁਧਾਰ ਵਿਭਾਗ ਹੁਣ ਮੌਜੂਦ ਨਹੀਂ ਹੈ, ਜਿਸਦੇ ਬਾਅਦ ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਦੀ ਸਲਾਹ ’ਤੇ 7 ਫਰਵਰੀ 2025 ਤੋਂ ਇਹ ਬਦਲਾਅ ਤੁਰੰਤ ਲਾਗੂ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਤੋਂ ਵਿਧਾਇਕ ਹਨ। ਉਨ੍ਹਾਂ ਕੋਲ ਪਹਿਲਾਂ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਸੀ, ਜਿਸ ਨੂੰ ਸਰਕਾਰ ਨੇ ਵਾਪਸ ਲੈ ਲਿਆ ਸੀ। ਇਸਦੇ ਬਾਅਦ 1 ਜੂਨ 2023 ਨੂੰ ਉਨ੍ਹਾਂ ਦੇ ਵਿਭਾਗਾਂ ’ਚ ਬਦਲਾਅ ਕੀਤੇ ਗਏ। ਇਸਦੇ ਨਾਲ ਹੀ ਐੱਨ.ਆਰ.ਆਈ. ਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੀ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ। ਪਤਾ ਚੱਲਿਆ ਹੈ ਕਿ ਕੁਲਦੀਪ ਸਿੰਘ ਧਾਲੀਵਾਲ 20 ਮਹੀਨਿਆਂ ਤੋਂ ਵਿਭਾਗ ਦੀ ਭਾਲ ਕਰ ਰਹੇ ਸਨ। ਨਾ ਤਾਂ ਉਨ੍ਹਾਂ ਨੂੰ ਵਿਭਾਗ ਮਿਲਿਆ ਅਤੇ ਨਾ ਹੀ ਵਿਭਾਗ ਕੋਲ ਕੋਈ ਕਮਰਾ ਸੀ। ਇਸ ਗਾਇਬ ਵਿਭਾਗ ਵਿੱਚ ਨਾ ਤਾਂ ਕੋਈ ਸੇਵਾਦਾਰ ਹੈ ਅਤੇ ਨਾ ਹੀ ਕੋਈ ਸਕੱਤਰ। ਨਾ ਹੀ ਇਸ ਵਿਭਾਗ ਵਿੱਚ ਕਦੇ ਕੋਈ ਮੀਟਿੰਗ ਹੋਈ ਹੈ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣੀ ਗਲਤੀ ਸੁਧਾਰ ਲਈ। ਇਸਦੇ ਬਾਅਦ ਉਨ੍ਹਾਂ ਤੋਂ ਉਹ ਵਿਭਾਗ ਵਾਪਸ ਲੈ ਲਿਆ ਗਿਆ, ਜੋ ਅਸਲ ਵਿੱਚ ਸੀ ਹੀ ਨਹੀਂ। ਹੁਣ ਉਨ੍ਹਾਂ ਕੋਲ ਸਿਰਫ਼ ਐਨਆਰਆਈ ਵਿਭਾਗ ਰਹਿ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਵਿਭਾਗ ਸਿਰਫ਼ ਸਰਕਾਰੀ ਰਿਕਾਰਡ ਵਿੱਚ ਹੀ ਚੱਲ ਰਿਹਾ ਸੀ। ਮਾਮਲਾ ਸਾਹਮਣੇ ਆਉਣ ‘ਤੇ ਇਸਨੂੰ ਤੁਰੰਤ ਸੀਐਮ ਭਗਵੰਤ ਮਾਨ ਦੀ ਨਜ਼ਰ ’ਚ ਲਿਆਂਦਾ ਗਿਆ। ਨਾਲ ਹੀ 23 ਸਤੰਬਰ 2024 ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਸੋਧ ਕੀਤੀ ਗਈ। ਇਸ ਮਾਮਲੇ ਵਿੱਚ ਪੰਜਾਬ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਨੇ ਤੰਜ਼ ਕਸਦਿਆਂ ‘ਆਪ’ ਸਰਕਾਰ ਨੂੰ ਘੇਰਿਆ ਹੈ।