– ਇੱਕ ਨੇ ਲਿਆ ਫਾਹਾ, ਦੂਜੇ ਦੀ ਬੈਡ ’ਤੇ ਪਈ ਮਿਲੀ ਲਾਸ਼, 2-3 ਦਿਨ ਪੁਰਾਣੀਆਂ ਹਨ ਲਾਸ਼ਾਂ : ਡੀਐਸਪੀ
– ਮਾਤਾ ਪਿਤਾ ਦੀ ਹੋ ਚੁੱਕੀ ਹੈ ਮੌਤ, ਇੱਕ ਲੜਕੇ ਦਾ ਚੱਲਦਾ ਘਰਵਾਲੀ ਨਾਲ ਕਲੇਸ਼, ਦੋ ਦਿਨ ਤੋਂ ਨਹੀਂ ਖੋਲ ਰਹੇ ਸੀ ਗੇਟ : ਮਹਿਲਾ
ਬਠਿੰਡਾ, 8 ਜੁਲਾਈ (ਰਵਿੰਦਰ ਸ਼ਰਮਾ) : ਸਥਾਨਕ ਸ਼ਹਿਰ ਦੇ ਜੁਝਾਰ ਸਿੰਘ ਨਗਰ ਦੀ ਗਲੀ ਨੰਬਰ 4 ਵਿੱਚ ਅੱਜ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਜੁਝਾਰ ਸਿੰਘ ਨਗਰ ਦੀ ਗਲੀ ਨੰਬਰ ਚਾਰ ਵਿੱਚ ਬੰਦ ਘਰ ਵਿੱਚ ਦੋ ਸਕੇ ਭਰਾਵਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਜਿਨਾਂ ਦੀ ਪਹਿਚਾਨ ਰਮਨ ਮਿੱਤਲ ਅਤੇ ਅਜੇ ਮਿੱਤਲ ਵਜੋਂ ਹੋਈ ਹੈ। ਘਰ ਵਿੱਚੋਂ ਦੋਨੇ ਭਰਾਵਾਂ ਦੀਆਂ ਲਾਸ਼ਾਂ ਮਿਲਣ ਕਰਕੇ ਪੂਰੇ ਇਲਾਕੇ ਵਿੱਚ ਸਨਸਨੀ ਫੈਲੀ ਹੋਈ ਹੈ। ਸਥਾਨਕ ਮਹੱਲੇ ਦੇ ਕੌਂਸਲਰ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਲੀਪ ਸਿੰਘ ਬਜ਼ੁਰਗ ਦੀ ਮੌਤ ਹੋ ਚੁੱਕੀ ਹੈ ਤੇ ਉਸਦੀ ਪਤਨੀ ਦੀ ਵੀ ਮੌਤ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਘਰ ਵਿੱਚ ਇਹ ਦੋਨੇ ਭਰਾ ਹੀ ਰਹਿੰਦੇ ਸਨ ਇੱਕ ਭਰਾ ਦਾ ਵਿਆਹ ਵੀ ਹੋਇਆ ਹੈ ਪਰ ਉਸ ਨਾਲ ਵੀ ਵਾਲੀ ਨਾਲ ਕਲੇਸ਼ ਦਾ ਕੇਸ ਚਲਦਾ ਹੈ ਜਿਸ ਕਰਕੇ ਉਹ ਵੀ ਪਰੇਸ਼ਾਨ ਰਹਿੰਦਾ ਸੀ। ਕੌਂਸਲਰ ਹਰਪਾਲ ਸਿੰਘ ਨੇ ਦੱਸਿਆ ਕਿ ਰਮਨ ਮਿੱਤਲ ਨਗਰ ਸੁਧਾਰ ਟਰਸਟ ਵਿੱਚ ਨੌਕਰੀ ਕਰਦਾ ਸੀ। ਉਹਨਾਂ ਦੱਸਿਆ ਕਿ ਅੱਜ ਘਰ ਵਿੱਚੋਂ ਕੁਝ ਬਦਬੂ ਆਉਣ ਕਰਕੇ ਅਤੇ ਤਿੰਨ ਦਿਨਾਂ ਤੋਂ ਘਰ ਦਾ ਗੇਟ ਨਾ ਖੁੱਲਣ ਕਰਕੇ ਲੋਕਾਂ ਨੂੰ ਸ਼ੱਕ ਹੋਇਆ ਤਾਂ ਥਾਣਾ ਕੈਂਟ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਗੇਟ ਖੋਲ ਕੇ ਦੇਖਿਆ ਤਾਂ ਇੱਕ ਭਰਾ ਦੀ ਬੈਡ ਤੇ ਲਾਸ਼ ਪਈ ਸੀ ਜਦੋਂ ਕਿ ਇੱਕ ਨੇ ਦੂਜੇ ਕਮਰੇ ਵਿੱਚ ਫਾਹਾ ਲਿਆ ਹੋਇਆ ਸੀ। ਸੂਚਨਾ ਮਿਲਣ ਤੇ ਮੌਕੇ ਤੇ ਡੀਐਸਪੀ ਸਰਬਜੀਤ ਸਿੰਘ ਬਰਾੜ ਪਹੁੰਚੇ ਅਤੇ ਉਹਨਾਂ ਦੋਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸੰਸਥਾਵਾਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਪਹੁੰਚਾਇਆ ਅਤੇ ਫਰਾਂਸਿਕ ਟੀਮਾਂ ਦੇ ਸਹਿਯੋਗ ਨਾਲ ਜਾਂਚ ਕੀਤੀ ਜਾ ਰਹੀ ਹੈ, ਕਿ ਆਖਰ ਇਹ ਘਟਨਾ ਕਿਵੇਂ ਵਾਪਰੀ ਅਤੇ ਕੀ ਕਾਰਨ ਰਹੇ ਕਿਉਂਕਿ ਸੂਸਾਈਡ ਨੋਟ ਬਰਾਮਦ ਹੋਣ ਦੀ ਵੀ ਕਿਸੇ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਡੀਐਸਪੀ ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਦੋਨਾਂ ਲਾਸ਼ਾਂ ਦਾ ਫਰਾਂਸਿਕ ਟੀਮਾਂ ਰਾਹੀਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੇ ਘਰ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਹਰ ਪੱਖ ਤੋਂ ਜਾਂਚ ਵੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਦੋਨਾਂ ਭਰਾਵਾਂ ਦੇ ਮੋਬਾਇਲ ਦੀ ਜਾਂਚ ਵੀ ਕੀਤੀ ਜਾ ਰਹੀ ਹੈ । ਉਕਤ ਘਰ ਵਿੱਚ ਕੰਮ ਕਰਨ ਵਾਲੀ ਮਹਿਲਾ ਨੇ ਦੱਸਿਆ ਕਿ ਪਿਛਲੇ ਦੋ ਤਿੰਨ ਦਿਨ ਤੋਂ ਉਹ ਦਰਵਾਜ਼ਾ ਨਹੀਂ ਖੋਲ ਰਹੇ ਸਨ ਅਤੇ ਉਹ ਗੇਟ ਖੜਕਾ ਕੇ ਵਾਪਸ ਚਲੀ ਜਾਂਦੀ ਸੀ ਪਰ ਅੱਜ ਜਦੋਂ ਘਰ ਵਿੱਚੋਂ ਬਦਬੂ ਆਈ ਤਾਂ ਫਿਰ ਉਸਨੇ ਮਹੱਲਾਂ ਨਿਵਾਸੀਆਂ ਨੂੰ ਸੂਚਿਤ ਕੀਤਾ। ਦੋਨੇ ਭਰਾਵਾਂ ਦੀਆਂ ਸ਼ੱਕੀ ਹਾਲਾਤ ਵਿੱਚ ਇਸ ਤਰ੍ਹਾਂ ਇੱਕ ਵਿਅਕਤੀ ਦੀ ਬੈਡ ਤੇ ਪਏ ਅਤੇ ਦੂਜੇ ਵੱਲੋਂ ਫਾਹਾ ਲੈਣ ਦੀ ਲਾਸ਼ ਬਰਾਮਦਗੀ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ ਕਿ ਆਖਰ ਅਜਿਹੀ ਕੀ ਘਟਨਾ ਵਾਪਰੀ ਕਿ ਦੋਨਾਂ ਨੇ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ,ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।

Posted inਬਠਿੰਡਾ