ਬਰਨਾਲਾ, 8 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ਨਾਲ ਸਬੰਧਤ ਇਕ ਨੌਜਵਾਨ ਦੀ ਅਲਟੋ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਡਿੱਗ ਜਾਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ (42 ਸਾਲ) ਪੁੱਤਰ ਜਗਰੂਪ ਸਿੰਘ ਵਾਸੀ ਸਹਿਜੜਾ ਆਪਣੀ ਆਲਟੋ ਕਾਰ ‘ਤੇ ਸਵਾਰ ਹੋ ਕੇ ਪਿੰਡ ਬਾਹਮਣੀਆਂ ਤੋਂ ਦੱਦਾਹੂਰ ਲਿੰਕ ਸੜਕ ਰਾਹੀਂ ਨਹਿਰ ਦੇ ਪੁਲ ਦੱਦਾਹੂਰ ਵੱਲ ਨੂੰ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਗੱਡੀ ਨੂੰ ਪਟੜੀ ‘ਤੇ ਚੜਾਉਣ ਲੱਗਾ ਤਾਂ ਕਾਰ ਬੇਕਾਬੂ ਹੋ ਕੇ ਸਿੱਧੀ ਨਹਿਰ ਵਿਚ ਡਿੱਗ ਗਈ। ਪਤਾ ਲੱਗਦੇ ਹੀ ਆਸਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਹਾਦਸੇ ਵਾਲੀ ਥਾਂ ਪੁੱਜ ਕੇ ਨਹਿਰ ਵਿਚ ਡਿੱਗੀ ਕਾਰ ਵਿਚੋਂ ਕਾਰ ਚਾਲਕ ਨੂੰ ਕੱਢਿਆ ਤੇ ਚਾਲਕ ਨੂੰ ਰਾਏਕੋਟ ਦੇ ਇਕ ਨਿਜੀ ਹਸਪਤਾਲ ਲਿਜਾਇਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਨੌਜਵਾਨ ਦੀ ਅਚਾਨਕ ਮੌਤ ਦੀ ਖਬਰ ਮਿਲਦਿਆਂ ਹੀ ਪਿੰਡ ‘ਚ ਸੋਗ ਦੀ ਲਹਿਰ ਛਾ ਗਈ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਤੇ ਬੱਚੇ ਨੂੰ ਰੋਂਦਿਆ ਕੁਰਲਾਉਂਦਿਆ ਛੱਡ ਗਿਆ ਹੈ। ਪੁਲਿਸ ਚੌਂਕੀ ਜਲਾਲਦੀਵਾਲ ਦੇ ਏਐਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਦੇ ਭਰਾ ਬਲਜਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ `ਤੇ 194 ਬੀਐਨਐਸ ਤਹਿਤ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਪਰਿਵਾਰ ਨੂੰ ਸੌਂਪ ਦਿੱਤੀ ਹੈ।

Posted inਬਰਨਾਲਾ