ਪਟਿਆਲਾ, 13 ਜੁਲਾਈ (ਰਵਿੰਦਰ ਸ਼ਰਮਾ) : ਪਟਿਆਲਾ ਦੇ ਰਾਜਪੁਰਾ ਤੋਂ ਸਾਈਬਰ ਧੋਖਾਧੜੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 65 ਸਾਲਾ ਸੇਵਾਮੁਕਤ ਅਧਿਆਪਕਾ ਗੁਰਸ਼ਰਨ ਕੌਰ ਨਾਲ ਠੱਗਾਂ ਨੇ ਖੁਦ ਨੂੰ CBI, ED ਅਤੇ ਸੁਪਰੀਮ ਕੋਰਟ ਦਾ ਅਧਿਕਾਰੀ ਦੱਸ ਕੇ 74 ਲੱਖ ਰੁਪਏ ਦੀ ਠੱਗੀ ਮਾਰ ਲਈ। ਠੱਗਾਂ ਨੇ ਉਨ੍ਹਾਂ ਨੂੰ ਮਨੀ ਲਾਂਡਰਿੰਗ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਅਤੇ ਇੱਕ ਮਹੀਨੇ ਤੱਕ ਡਿਜੀਟਲ ਹਾਊਸ ਅਰੈਸਟ ਵਿੱਚ ਰੱਖਿਆ।
ਗੁਰਸ਼ਰਨ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਗੁਰਦੀਪ ਸਿੰਘ ਅਨਾਜ ਮੰਡੀ ਵਿੱਚ ਆੜ੍ਹਤੀ ਹਨ। ਉਨ੍ਹਾਂ ਨੂੰ ਚਾਰ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਕਾਲਾਂ ਅਤੇ ਵਟਸਐਪ ਸੁਨੇਹੇ ਆਏ। ਕਾਲ ਕਰਨ ਵਾਲਿਆਂ ਨੇ ਫਰਜ਼ੀ ਦਸਤਾਵੇਜ਼ ਵੀ ਭੇਜੇ ਜਿਨ੍ਹਾਂ ‘ਤੇ ਸੁਪਰੀਮ ਕੋਰਟ, CBI ਅਤੇ ED ਦੀਆਂ ਮੋਹਰਾਂ ਅਤੇ ਲੈਟਰਹੈੱਡ ਸਨ। ਡਰ ਅਤੇ ਭੰਬਲਭੂਸੇ ਵਿੱਚ ਆ ਕੇ ਉਨ੍ਹਾਂ ਨੇ ਹੌਲੀ-ਹੌਲੀ 74 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਨੂੰ 24 ਅਪ੍ਰੈਲ ਤੋਂ 26 ਮਈ ਤੱਕ ਡਿਜੀਟਲ ਅਰੈਸਟ ਵਿੱਚ ਰੱਖਿਆ ਗਿਆ। ਇਸ ਦੌਰਾਨ ਠੱਗਾਂ ਨੇ ਉਨ੍ਹਾਂ ਤੋਂ ਕੁੱਲ 74,60,188 ਰੁਪਏ ਆਪਣੇ ਖਾਤਿਆਂ ਵਿੱਚ ਟਰਾਂਸਫਰ ਕਰਵਾ ਲਏ। ਅਧਿਕਾਰੀ ਮੁਤਾਬਕ ਸੈਂਟਰਲ ਬੈਂਕ ਆਫ ਇੰਡੀਆ ਦੇ ਖਾਤੇ ‘ਚੋਂ 42.5 ਲੱਖ, ਸਟੇਟ ਬੈਂਕ ਆਫ ਇੰਡੀਆ ਤੋਂ 29.8 ਲੱਖ ਰੁਪਏ ਅਤੇ ਇੱਕ ਹੋਰ ਬੈਂਕ ਤੋਂ 2.3 ਲੱਖ ਰੁਪਏ ਟਰਾਂਸਫਰ ਕੀਤੇ ਗਏ।
ਜਿਵੇਂ ਹੀ ਮਾਮਲੇ ਦੀ ਸੱਚਾਈ ਗੁਰਸ਼ਰਨ ਕੌਰ ਦੇ ਸਾਹਮਣੇ ਆਈ, ਉਨ੍ਹਾਂ ਨੇ ਪਟਿਆਲਾ ਦੇ ਥਾਣਾ ਸਾਈਬਰ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾਈ। ਸਾਈਬਰ ਸੈੱਲ ਪੁਲਿਸ ਨੇ 11 ਜੁਲਾਈ ਨੂੰ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਐਸ.ਆਈ. ਬਲਬੀਰ ਕੌਰ ਮੁਤਾਬਕ ਮੋਬਾਈਲ ਨੰਬਰਾਂ ਅਤੇ ਜਿਨ੍ਹਾਂ ਖਾਤਿਆਂ ਵਿੱਚ ਪੈਸੇ ਗਏ ਹਨ, ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਇੱਕ ਖਾਤੇ ਵਿੱਚੋਂ ਤੁਰੰਤ 4 ਲੱਖ ਰੁਪਏ ਫ੍ਰੀਜ਼ ਕਰਵਾ ਦਿੱਤੇ ਹਨ, ਪਰ ਬਦਮਾਸ਼ 70 ਲੱਖ ਰੁਪਏ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਟਰਾਂਸਫਰ ਕਰ ਚੁੱਕੇ ਹਨ।
ਸੇਵਾਮੁਕਤ ਲੈਫਟੀਨੈਂਟ ਕਰਨਲ ਨੂੰ ਵੀ ਬਣਾਇਆ ਸੀ ਨਿਸ਼ਾਨਾ
ਲੁਧਿਆਣਾ ਵਿੱਚ 6 ਮਹੀਨੇ ਪਹਿਲਾਂ ਸਾਈਬਰ ਅਪਰਾਧੀਆਂ ਨੇ ਖੁਦ ਨੂੰ ਕੇਂਦਰੀ ਜਾਂਚ ਬਿਊਰੋ (CBI) ਅਧਿਕਾਰੀ ਦੱਸ ਕੇ 81 ਸਾਲਾ ਸੇਵਾਮੁਕਤ ਲੈਫਟੀਨੈਂਟ ਕਰਨਲ ਨੂੰ ਡਿਜੀਟਲ ਅਰੈਸਟ ਕਰਕੇ ਉਨ੍ਹਾਂ ਤੋਂ 35.30 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਸੀ।
ਮੁਲਜ਼ਮਾਂ ਨੇ ਸਰਾਭਾ ਨਗਰ ਨਿਵਾਸੀ ਲੈਫਟੀਨੈਂਟ ਕਰਨਲ (ਸੇਵਾਮੁਕਤ) ਪਰਉਪਕਾਰ ਸਿੰਘ ਸਿਬੀਆ ਨੂੰ ਇੱਕ ਨਿੱਜੀ ਏਅਰਲਾਈਨ ਲਈ ਮਨੀ ਲਾਂਡਰਿੰਗ ਦਾ ਦੋਸ਼ ਲਗਾ ਕੇ ਫਸਾਇਆ ਅਤੇ ਉਨ੍ਹਾਂ ਨੂੰ ‘ਡਿਜੀਟਲ ਗ੍ਰਿਫਤਾਰੀ’ ਦਾ ਡਰ ਦਿਖਾਇਆ।
ਬਦਮਾਸ਼ਾਂ ਨੇ ਉਨ੍ਹਾਂ ਤੋਂ ਆਪਣੇ ਖਾਤੇ ਵਿੱਚ ਪੈਸੇ ਟਰਾਂਸਫਰ ਕਰਨ ਲਈ ਦਬਾਅ ਪਾਇਆ। ਇਸੇ ਤਰ੍ਹਾਂ ਦਾ ਮਾਮਲਾ 1 ਸਾਲ ਪਹਿਲਾਂ ਵਰਧਮਾਨ ਸਮੂਹ ਦੇ ਮੁਖੀ ਅਤੇ ਪਦਮ ਭੂਸ਼ਣ ਪੁਰਸਕਾਰ ਜੇਤੂ 82 ਸਾਲਾ ਐਸ.ਪੀ. ਓਸਵਾਲ ਨਾਲ ਵੀ ਹੋ ਚੁੱਕਾ ਹੈ।
