ਸੰਗਰੂਰ, 13 ਜੁਲਾਈ (ਰਵਿੰਦਰ ਸ਼ਰਮਾ) : ਸੰਗਰੂਰ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਫੱਗੂਵਾਲਾ ਕੈਂਚੀਆਂ ਸਥਿਤ ਓਵਰਬ੍ਰਿਜ ‘ਤੇ ਬੀਤੀ ਰਾਤ ਕਰੀਬ 1:30 ਵਜੇ ਟਾਇਰ ਫਟਣ ਕਾਰਨ ਇੱਕ ਵਰਨਾ ਕਾਰ ਪਲਟ ਗਈ। ਇਸ ਹਾਦਸੇ ਵਿੱਚ ਕਾਰ ਚਲਾ ਰਹੇ ਨੌਜਵਾਨ ਏਕਮਵੀਰ ਸਿੰਘ (22), ਪੁੱਤਰ ਸਤਨਾਮ ਸਿੰਘ (ਡੀਐੱਸਪੀ ਪਟਿਆਲਾ) ਦੀ ਮੌਤ ਹੋ ਗਈ ਅਤੇ ਦੂਸਰਾ ਨੌਜਵਾਨ ਹਰਜੋਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਰੋਡ ਸੇਫਟੀ ਫੋਰਸ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਫੱਗੂਵਾਲਾ ਕੈਂਚੀਆਂ ਵਿੱਚ ਇੱਕ ਸੜਕ ਦੁਰਘਟਨਾ ਹੋਈ ਹੈ। ਸੂਚਨਾ ਮਿਲਦਿਆਂ ਹੀ ਉਨ੍ਹਾਂ ਦੀ ਪੂਰੀ ਟੀਮ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਨੇ ਦੋਵਾਂ ਨੌਜਵਾਨਾਂ ਨੂੰ ਚੁੱਕ ਕੇ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਉਨ੍ਹਾਂ ਵਿੱਚੋਂ ਏਕਮਵੀਰ ਸਿੰਘ ਦੀ ਮੌਤ ਹੋ ਚੁੱਕੀ ਸੀ ਅਤੇ ਨੌਜਵਾਨ ਹਰਜੋਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਹਰਜੋਤ ਸਿੰਘ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਦੁਰਘਟਨਾਗ੍ਰਸਤ ਕਾਰ ਨੂੰ ਸੜਕ ਤੋਂ ਹਟਾਉਣ ਲਈ ਰਾਤ ਦੋ ਵਜੇ ਤੋਂ ਹੀ ਕਾਲਾਝਾੜ ਟੋਲ ਪਲਾਜ਼ਾ ‘ਤੇ ਫੋਨ ਕਰ ਰਹੇ ਸਨ, ਪਰ ਟੋਲ ਪਲਾਜ਼ਾ ਵੱਲੋਂ ਸਵੇਰੇ ਦਸ ਵਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

Posted inUncategorized