– 14 ਜੁਲਾਈ ਨੂੰ ਡੀ ਸੀ ਬਰਨਾਲਾ ਨੂੰ ਮਿਲਣ ਦਾ ਫ਼ੈਸਲਾ
ਬਰਨਾਲਾ, 13 ਜੁਲਾਈ (ਰਵਿੰਦਰ ਸ਼ਰਮਾ) : ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ-ਜੋਧਪੁਰ ਦੇ ਬੱਸ ਅੱਡੇ ਤੇ ਬਰਨਾਲਾ-ਮੋਗਾ ਕੌਮੀ ਹਾਈਵੇ ਉੱਤੇ ਗ਼ਲਤ ਢੰਗ ਨਾਲ ਛੱਡੇ ਖ਼ੂਨੀ ਕੱਟ ਨੇ ਬੀਤੀ 3 ਜੁਲਾਈ ਨੂੰ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਜਾਨ ਚਲੀ ਗਈ ਸੀ ਤੇ ਹਾਦਸੇ ਤੋਂ ਬਾਅਦ ਸੜਕ ਮਹਿਕਮੇ ਨੇ ਆਰਜੀ ਤੌਰ ਤੇ ਇਹ ਕੱਟ ਬੰਦ ਕਰ ਦਿੱਤਾ ਹੈ, ਪਰ ਪੱਕਾ ਹੱਲ ਕੋਈ ਨਹੀੰ ਕੀਤਾ। ਇਸ ਸਬੰਧ ਵਿੱਚ ਅੱਜ ਗਰਾਮ ਪੰਚਾਇਤ ਚੀਮਾ ਵੱਲੋਂ ਪਿੰਡ ਵਾਸੀਆਂ ਦਾ ਇਕੱਠ ਕੀਤਾ ਗਿਆ ਤੇ ਫ਼ੈਸਲਾ ਕੀਤਾ ਗਿਆ ਕਿ ਇਸ ਸਬੰਧੀ ਵਿੱਚ 14 ਜੁਲਾਈ ਨੂੰ ਡੀਸੀ ਬਰਨਾਲਾ ਨੂੰ ਮਿਲਿਆ ਜਾਵੇਗਾ ।ਜੇਕਰ ਪ੍ਰਸਾਸ਼ਨ ਨੇ ਕੋਈ ਮਸਲਾ ਹੱਲ ਨਾ ਕੀਤਾ ਤਾਂ ਵੱਡਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ।ਇਸ ਸਬੰਧੀ ਸਰਪੰਚ ਮਲੂਕ ਸਿੰਘ ਧਾਲੀਵਾਲ ਨੇ ਦੱਸਿਆ ਕਿ ਚੀਮਾ-ਜੋਧਪੁਰ ਦੇ ਖ਼ੂਨੀ ਕੱਟ ਨੇ ਕਈ ਲੋਕਾਂ ਦੀ ਜਾਨ ਲਈ ਹੈ । ਲੰਘੀ 3 ਜੁਲਾਈ ਨੂੰ ਇਸ ਕੱਟ ਉੱਤੇ ਪਿੰਡ ਕਾਂਗੜ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਸੜਕ ਮਹਿਕਮੇ ਨੇ ਇਸ ਕੱਟ ਨੂੰ ਬੰਦ ਕਰ ਦਿੱਤਾ ਸੀ ਜਿਸ ਕਾਰਨ ਲੋਕ ਗ਼ਲਤ ਸਾਇਡ ਤੋਂ ਆਉਣ ਲੱਗੇ ਹਨ ਜਿਸ ਨਾਲ ਹੋਰ ਵੀ ਜ਼ਿਆਦਾ ਹਾਦਸੇ ਹੋ ਸਕਦੇ ਹਨ। ਚੀਮਾ-ਜੋਧਪੁਰ ਦੋਵਾਂ ਪਿੰਡਾਂ ਦਾ ਸਾਂਝਾ ਬੱਸ ਸਟੈਂਡ, ਸੀਨੀਅਰ ਸੈਕੰਡਰੀ ਸਕੂਲ, ਪ੍ਰਾਈਵੇਟ ਸਕੂਲ ਤੇ ਬੈਂਕ ਵੀ ਸਾਂਝੇ ਹਨ । ਜੋਧਪੁਰ ਬੈਂਕ ਵਿੱਚ ਆਉਣ ਵਾਲੇ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਸਕੂਲ ਆਉਣ ਲਈ ਨੈਸ਼ਨਲ ਹਾਈਵੇ ਸੜਕ ਨੂੰ ਪਾਰ ਕਰਨਾ ਪੈਂਦਾ ਹੈ । ਪਾਰ ਕਰਨ ਲਈ ਕੋਈ ਕੱਟ ਜਾਂ ਪੁਲ ਨਾ ਹੋਣ ਕਰਕੇ ਡੇਢ ਦੋ ਕਿਲੋਮੀਟਰ ਦਾ ਫਾਲਤੂ ਰਸਤਾ ਤੈਅ ਕਰਨਾ ਪੈਂਦਾ ਹੈ । ਪਿੰਡ ਚੀਮਾ ਦੇ ਲੋਕਾਂ ਨੂੰ ਵੀ ਜੋਧਪੁਰ ਸਾਇਡ ਆਪਣੇ ਖੇਤਾਂ ਵਿੱਚ ਜਾਣ ਲਈ, ਪੈਟਰੈਲ ਪੰਪ , ਕਾਲਜ ਜਾਣ ਲਈ ਕੋਈ ਰਸਤਾ ਨਾ ਹੋਣ ਕਰਕੇ ਲੰਬੀ ਦੂਰੀ ਤੈਅ ਕਰਨੀ ਪੈਂਦੀ ਹੈ। ਗਲਤ ਸਾਇਡ ਤੋਂ ਜਾਣ ਕਰਕੇ ਹਾਦਸੇ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ ।ਚੀਮਾ ਤੋਂ ਜੋਧਪੁਰ ਤੋਂ ਜਾਂਦੀ 18 ਫੁੱਟੀ ਸੜਕ ਲਈ ਕੋਈ ਰਸਤਾ ਨਹੀਂ ਛੱਡਿਆ ਗਿਆ। ਇਸ ਲਈ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਅੱਜ ਲੋਕਾਂ ਦਾ ਇਕੱਠ ਕਰਕੇ ਫ਼ੈਸਲਾ ਕੀਤਾ ਕਿ 14 ਜੁਲਾਈ ਨੂੰ ਡੀ ਸੀ ਬਰਨਾਲਾ ਨੂੰ ਲਿਖਤੀ ਰੂਪ ਵਿੱਚ ਮੰਗ ਪੱਤਰ ਦਿੱਤਾ ਜਾਵੇਗਾ ਤੇ ਦੋਨਾਂ ਪਿੰਡਾਂ ਦੀ ਸਾਂਝੀ ਸਮੱਸਿਆਂ ਦੇ ਹੱਲ ਲਈ ਨੈਸ਼ਨਲ ਹਾਈਵੇ ਸੜਕ ਤੇ ਪੁਲ ਬਣਾਇਆ ਜਾਵੇ ਜਾਂ ਵਧੀਆਂ ਢੰਗ ਨਾਲ ਕੱਟ ਬਣਾਇਆ ਜਾਵੇਗਾ ਤਾਂ ਜੋ ਮੁੜ ਕੋਈ ਹਾਦਸਾ ਨਾ ਹੋਵੇ ਤੇ ਕਿਸੇ ਦੀ ਵੀ ਅਜਾਈ ਜਾਨ ਨਾ ਜਾਵੇ। ਜੇਕਰ ਪ੍ਰਸਸ਼ਾਨ ਨੇ ਕੋਈ ਮਸਲਾ ਹੱਲ ਨਾ ਕੀਤਾ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।ਇਸ ਸਮੇਂ ਸਰਪੰਚ ਮਲੂਕ ਸਿੰਘ ਧਾਲੀਵਾਲ, ਪੰਚ ਮੱਖਣ ਸਿੰਘ ਆਹਲੂਵਾਲੀਆਂ, ਪੰਚ ਜਸਵੀਰ ਸਿੰਘ ਰਮਨਾ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਗੁਰਮੀਤ ਸਿੰਘ ਨੰਬਰਦਾਰ, ਭੋਲਾ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਮਣਕੂ, ਬਲਵਿੰਦਰ ਸਿੰਘ ਬੱਬੂ, ਮੱਖਣ ਸਿੰਘ ਚੀਮਾ, ਦਰਸ਼ਨ ਸਿੰਘ ਧਾਲੀਵਾਲ, ਸੋਨੀ ਚੀਮਾ, ਅਵਤਾਰ ਸਿੰਘ ਮਣਕੂ, ਜੀਵਨ ਸਿੰਘ ਧਾਲੀਵਾਲ, ਜੱਗੀ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Posted inਬਰਨਾਲਾ