ਅੰਮ੍ਰਿਤਸਰ, 16 ਜੁਲਾਈ (ਰਵਿੰਦਰ ਸ਼ਰਮਾ) : ਸਿੱਖਾਂ ਦੇ ਮੁਕੱਦਸ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਤਿੰਨ ਦਿਨਾਂ ‘ਚ ਪੰਜ ਵਾਰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਹੈ। ਜਿਸ ਨੂੰ ਲੈਕੇ ਜਿਥੇ ਸ਼੍ਰੋਮਣੀ ਕਮੇਟੀ ਨੇ ਚਿੰਤਾ ਜਤਾਈ ਹੈ ਤਾਂ ਉੱਥੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਬੀਤੇ ਦਿਨ ਭਾਰਤੀ ਫੌਜ ਵੱਲੋਂ ਬੰਬ ਦੀ ਮਿਲੀ ਧਮਕੀ ਤੋਂ ਬਾਅਦ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਦਿਆਂ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਮਿਲ ਰਹੀਆਂ ਧਮਕੀ ਭਰੀ ਈਮੇਲਾਂ ‘ਤੇ ਗੰਭੀਰ ਚਿੰਤਾ ਪ੍ਰਗਟਾਈ।
ਧਮਕੀ ਭਰੀਆਂ ਪੰਜ ਈਮੇਲਾਂ
ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੱਸਿਆ ਕਿ “ਹੁਣ ਤੱਕ ਪੰਜ ਈਮੇਲਾਂ ਆ ਚੁੱਕੀਆਂ ਹਨ, ਜਿਨ੍ਹਾਂ ਵਿੱਚ ਤਿੰਨ ਈਮੇਲਾਂ ਅੱਜ ਹੀ ਮਿਲੀਆਂ ਹਨ। ਇਹ ਈਮੇਲਾਂ ਨਾ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਗੋਂ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੂੰ ਵੀ ਭੇਜੀਆਂ ਗਈਆਂ ਹਨ।”
ਪੰਜਵੀਂ ਮੇਲ ‘ਚ ਸੀਐੱਮ ਦਾ ਜਿਕਰ
ਧਾਮੀ ਨੇ ਦੱਸਿਆ ਕਿ ਪੰਜਵੀਂ ਈਮੇਲ ‘ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਜਿਕਰ ਕੀਤਾ ਗਿਆ ਹੈ। ਉਨ੍ਹਾਂ ਅਟਕਲਾਂ ਲਗਾਈਆਂ ਕਿ ਇਹ ਹਰਕਤਾਂ ਸ੍ਰੀ ਦਰਬਾਰ ਸਾਹਿਬ ਵਿੱਚ ਆਉਣ ਵਾਲੀ ਸੰਗਤ ਨੂੰ ਡਰਾਉਣ ਅਤੇ ਘਟਾਉਣ ਦੀ ਸਾਜ਼ਿਸ਼ ਹੋ ਸਕਦੀਆਂ ਹਨ। ਉਨ੍ਹਾਂ ਕਿਹਾ, “ਜੇ ਸਰਕਾਰ ਚਾਹੇ, ਤਾਂ ਇਹ ਈਮੇਲ ਕਿਸ ਸਰਵਰ ਅਤੇ IP ਐਡਰੈੱਸ ਤੋਂ ਭੇਜੀਆਂ ਗਈਆਂ ਹਨ, ਇਸ ਦੀ ਜਾਂਚ ਡੂੰਘਾਈ ਨਾਲ ਕਰ ਸਕਦੀ ਹੈ।” ਉਨ੍ਹਾਂ ਕਿਹਾ ਕਿ ਸਰਕਾਰ ਕੋਲ ਸਾਰੇ ਤੰਤਰ-ਜੰਤਰ ਹੁੰਦੇ ਹਨ, ਸਰਕਾਰ ਚਾਹੇ ਤਾਂ ਬਹੁਤ ਜਲਦ ਹੀ ਇਸ ਦਾ ਖੁਲਾਸਾ ਕਰ ਸਕਦੀ ਹੈ ਤੇ ਉਸ ਮੁਲਜ਼ਮ ਨੂੰ ਲੱਭ ਵੀ ਸਕਦੀ ਹੈ।
ਇਤਿਹਾਸ ‘ਚ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ
ਧਾਮੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ “ਇਤਿਹਾਸ ਵਿੱਚ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਹੋਏ ਹਨ, ਪਰ ਸਿੱਖ ਕੌਮ ਨੇ ਹਮੇਸ਼ਾ ਆਪਣੀ ਆਸਥਾ ਤੇ ਦਸਵੰਧ ਨਾਲ ਦੁਵਾਰਾ ਨਿਰਮਾਣ ਕੀਤਾ ਹੈ। ਸਮੁੱਚੀ ਮਨੁੱਖਤਾ ਦੀ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਮੇਂ-ਸਮੇਂ ਦੇ ਵਿੱਚ ਚਾਹੇ ਮੁਗਲ ਕਾਲ ਸੀ ਤੇ ਚਾਹੇ ਬ੍ਰਿਟਿਸ਼ ਕਾਲ ਸੀ, ਇੱਥੇ ਸਮੇਂ-ਸਮੇਂ ਅਨੁਸਾਰ ਹਮਲੇ ਵੀ ਹੁੰਦੇ ਰਹੇ ਤੇ ਨੁਕਸਾਨ ਵੀ ਪਹੁੰਚਾਇਆ ਜਾਂਦਾ ਰਿਹਾ।”
ਸੰਗਤ ਨੂੰ ਡਰਾਉਣ ਅਤੇ ਘਟਾਉਣ ਦੀ ਸਾਜ਼ਿਸ਼
ਸਾਲ 1984 ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਨੁਕਸਾਨ ਤਾਂ ਬਹੁਤ ਵੱਡਾ ਹੋਇਆ। ਗੁਰੂ ਕੇ ਸਿੱਖਾਂ ਨੇ ਆਪਣੇ ਪਵਿੱਤਰ ਦਸਵੰਧ ਦੇ ਨਾਲ ਇੰਨ੍ਹਾਂ ਸ੍ਰੀ ਦਰਬਾਰ ਸਾਹਿਬ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਇਮਾਰਤਾਂ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਤਿਆਰ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ਵਿੱਚ ਵੀ ਜੇਕਰ ਅਜਿਹੀ ਧਮਕੀਆਂ ਮਿਲਦੀਆਂ ਹਨ, ਤਾਂ ਇਹ ਗੰਭੀਰ ਮਾਮਲਾ ਹੈ ਅਤੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਡੀ ਆਸਥਾ ਦਾ ਕੇਂਦਰ ਹੈ – ਸਰਕਾਰ ਨੂੰ ਸਿਰਫ ਦੇਖਣ ਦੀ ਨਹੀਂ, ਕੰਮ ਕਰਨ ਦੀ ਲੋੜ ਹੈ।
ਸ਼੍ਰੋਮਣੀ ਕਮੇਟੀ ਨੇ ਵਧਾਈ ਟਾਸਕ ਫੋਰਸ
ਉਨ੍ਹਾਂ ਦੱਸਿਆ ਕਿ ਸਰਕਾਰ ਆਪਣੇ ਤੌਰ ‘ਤੇ ਕੰਮ ਕਰ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਨੇ ਵੀ ਆਪਣੀ ਟਾਸਕ ਫੋਰਸ ਨੂੰ ਵਧਾ ਦਿੱਤਾ ਹੈ ਅਤੇ ਪੂਰੀ ਤਰ੍ਹਾਂ ਚੌਕਸ ਹੈ। ਪ੍ਰਧਾਨ ਧਾਮੀ ਨੇ ਜ਼ੋਰ ਦਿੱਤਾ ਕਿ ਜੇਕਰ ਕੋਈ ਵੀ ਧਾਰਮਿਕ ਜਾਂ ਸੰਸਥਾਵਾਂ ਨਾਲ ਜੁੜੀ ਧਮਕੀ ਜਾਂ ਜ਼ਾਅਲੀ ਆਈਡੀ ਦੇ ਰਾਹੀਂ ਕੰਮ ਕਰ ਰਿਹਾ ਹੈ, ਤਾਂ ਪੁਲਿਸ ਅਤੇ ਸਾਈਬਰ ਏਜੰਸੀਆਂ ਨੂੰ ਤੁਰੰਤ ਅਤੇ ਗੰਭੀਰਤਾ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਕਿਸੇ ਦੀ ਸਾਜ਼ਿਸ਼ ਨਾ ਹੋਵੇ ਪਰ ਸੱਚ ਇਹ ਸਾਰਾ ਸਾਹਮਣੇ ਆਉਣਾ ਚਾਹੀਦਾ ਹੈ।
