ਬਰਨਾਲਾ\ਤਪਾ ਮੰਡੀ, 16 ਜੁਲਾਈ (ਰਵਿੰਦਰ ਸ਼ਰਮਾ) : ਤਿੰਨ ਮਹੀਨੇ ਪਹਿਲਾਂ ਵਿਆਹ ਹੋਏ ਨੌਜਵਾਨ ਦੀ ਪਿੰਡ ਤਾਜੋਕੇ ਦੇ ਸ਼ਮਸ਼ਾਨਘਾਟ ਦੇ ਪਿੱਛੇ ਬਣੀਆਂ ਕਬਰਾਂ ‘ਚੋਂ ਸ਼ੱਕੀ ਹਾਲਾਤ ‘ਚ ਲਾਸ਼ ਮਿਲਣ ਕਾਰਨ ਪਿੰਡ ਵਿਚ ਸਨਸਨੀ ਫੈਲ ਗਈ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਨੇ ਰੌਦੇ ਕੁਰਲਾਉਂਦੇ ਹੋਏ ਦੱਸਿਆ ਕਿ ਉਸ ਦਾ ਲਗਭਗ ਤਿੰਨ ਮਹੀਨੇ ਪਹਿਲਾਂ ਗੁਰਪ੍ਰੀਤ ਸਿੰਘ (ਵਿੱਕੀ) ਪੁੱਤਰ ਕ੍ਰਿਸ਼ਨ ਸਿੰਘ ਵਾਸੀ ਤਾਜੋਕੇ ਨਾਲ ਵਿਆਹ ਹੋਇਆ ਸੀ। ਤਿੰਨ ਦਿਨ ਪਹਿਲਾਂ ਮੇਰਾ ਪਤੀ ਕੰਮ ਤੋਂ ਸ਼ਾਮ 5 ਵਜੇ ਦੇ ਕਰੀਬ ਘਰ ਆਇਆ ਤਾਂ ਉਸ ਦੇ ਦੋ ਦੋਸਤ ਆਏ ਅਤੇ ਉਸ ਨੂੰ ਬੁਲਾ ਕੇ ਆਪਣੇ ਨਾਲ ਲੈ ਗਏ। ਉਹ ਤੁਰੰਤ ਉਸ ਨੂੰ (ਪਤਨੀ) ਨੂੰ ਮੋਟਰਸਾਇਕਲ ‘ਤੇ ਸਵਾਰ ਹੋ ਕੇ ਇਹ ਆਖ ਕੇ ਚਲਾ ਗਿਆ ਕਿ ਤੂੰ ਪਾਣੀ ਗਰਮ ਕਰ ਮੈਂ ਹੁਣੇ ਆਇਆ। ਉਕਤ ਨੇ ਦੱਸਿਆ ਕਿ ਜਦੋਂ ਮੁੜ ਦੋ ਘੰਟਿਆਂ ਬਾਅਦ ਫੋਨ ਕੀਤਾ ਤਾਂ ਇਹੋ ਜਵਾਬ ਮਿਲਿਆ ਕਿ ਪੰਜ ਮਿੰਟ ‘ਚ ਹੀ ਆ ਰਿਹਾ ਹਾਂ। ਇਸ ਮਗਰੋਂ ਉਸ ਨੇ ਵਾਰ-ਵਾਰ ਫੋਨ ਕੀਤਾ ਪਰ ਕਿਸੇ ਨੇ ਫੋਨ ਨਾ ਚੁੱਕਿਆ। ਇਸ ਤੋਂ ਬਾਅਦ ਜਦੋਂ ਕਾਫੀ ਦੇਰ ਬਾਅਦ ਉਹ ਨਹੀਂ ਆਇਆ ਤਾਂ ਪਰਿਵਾਰ ਨੇ ਉਸ ਦੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਜਿਸ ਮਗਰੋਂ ਪੁਲਸ ਸਟੇਸ਼ਨ ਤਪਾ ‘ਚ ਰਿਪੋਰਟ ਦਰਜ ਕਰਵਾਈ ਗਈ।
ਪਰਿਵਾਰ ਨੇ ਦੱਸਿਆ ਕਿ ਬੀਤੇ ਦਿਨੀਂ ਕਿਸੇ ਪਿੰਡ ਵਾਲੇ ਨੂੰ ਉਸ ਦਾ ਮੋਟਰਸਾਇਕਲ ਸਟੇਡੀਅਮ ਦੇ ਨੇੜੇ ਹੋਣ ਬਾਰੇ ਦੱਸਿਆ। ਜਿਸ ਤੋਂ ਬਾਅਦ ਪਰਿਵਾਰ ਨੇ ਸ਼ੱਕ ਜ਼ਾਹਰ ਕੀਤਾ ਕਿ ਉਹ ਸਟੇਡੀਅਮ ਦੇ ਨੇੜੇ-ਤੇੜੇ ਹੀ ਹੋਵੇਗਾ ਪਰ ਉਥੋਂ ਨਾ ਮਿਲਣ ਤੇ ਉਹ ਘਰ ਆ ਗਏ। ਅੱਜ ਜਦੋਂ ਚਰਵਾਹੇ ਬੱਕਰੀਆਂ ਚਾਰ ਰਹੇ ਸੀ ਤਾਂ ਉਨ੍ਹਾਂ ਨੇ ਬਦਬੂ ਆਉਣ ‘ਤੇ ਦੇਖਿਆ ਕਿ ਸ਼ਮਸ਼ਾਨਘਾਟ ਦੇ ਪਿਛਲੇ ਪਾਸੇ ਕਬਰਾਂ ‘ਚ ਇਕ ਗਲੀ ਸੜੀ ਲਾਸ਼ ਪਈ ਸੀ। ਇਸ ਦੀ ਸੂਚਨਾ ਪਿੰਡ ਨਿਵਾਸੀਆਂ ਨੂੰ ਦਿੱਤੀ ਜਿਨ੍ਹਾਂ ਮੌਕੇ ‘ਤੇ ਪਹੁੰਚ ਕੇ ਪੁਲਸ ਨੂੰ ਜਾਣਕਾਰੀ ਦਿੱਤੀ ਤਾਂ ਥਾਣਾ ਮੁਖੀ ਤਪਾ ਸਰੀਫ ਖਾਂ ਦੀ ਅਗਵਾਈ ‘ਚ ਪੁਲਸ ਮੌਕੇ ‘ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ ਰੂਮ ਬਰਨਾਲਾ ਵਿਖੇ ਰਖਵਾ ਦਿੱਤਾ।
ਮ੍ਰਿਤਕ ਦੀ ਪਤਨੀ ਨੇ ਇਹ ਦੋਸ਼ ਲਗਾਇਆ ਕਿ ਮੇਰੇ ਪਤੀ ਦਾ ਕਤਲ ਕੀਤਾ ਗਿਆ ਹੈ ਜਿਹੜੇ ਦੋ ਦੋਸਤ ਉਸ ਨੂੰ ਲੈ ਕੇ ਗਏ ਸੀ ਉਨ੍ਹਾਂ ਨੇ ਹੀ ਉਸ ਦੇ ਪਤੀ ਨੂੰ ਮਾਰਿਆ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਲਾਸ਼ ਕਬਜ਼ੇ ‘ਚ ਲੈਕੇ ਪੋਸਟਮਾਰਟਮ ਲਈ ਬਰਨਾਲਾ ਭੇਜ ਦਿੱਤੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਨਾਂ ਦਾ ਪਤਾ ਲੱਗੇਗਾ।

Posted inਬਰਨਾਲਾ