– ਅਧਿਆਪਕਾਂ ਦੇ ਪ੍ਰੋਬੇਸ਼ਨ ਪੀਰੀਅਡ ਦੌਰਾਨ ਬਣਦੇ ਬਕਾਏ ਬਿਨਾਂ ਕਿਸੇ ਪਟੀਸ਼ਨਰ ਜਾਂ ਨਾਨ-ਪਟੀਸ਼ਨਰ ਦੇ ਭੇਦਭਾਵ ਤੋਂ ਜਾਰੀ ਕੀਤੇ ਜਾਣ – ਡੀਟੀਐੱਫ
ਬਰਨਾਲਾ, 16 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਆਪਣੇ ਤਿੰਨ ਸਾਲਾਂ ਤੋਂ ਜ਼ਿਆਦਾ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਕਿਸੇ ਵਰਗ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਹੱਲ ਨਹੀਂ ਕਰ ਸਕੀ। ਹੁਣ ਤੱਕ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਕਿਸੇ ਮਸਲੇ ਤੇ ਸੁਹਿਰਦ ਨਜ਼ਰ ਨਹੀਂ ਆਈ। ਮੁਲਾਜ਼ਮ ਵਰਗ ਵਿਚੋਂ ਸਮਾਜ ਨੂੰ ਸੇਧ ਦੇਣ ਵਾਲੇ ਅਧਿਆਪਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ-ਮਸਲਿਆਂ ਦਾ ਵੀ ਇਹ ਵਾਜਿਬ ਹੱਲ ਨਹੀਂ ਕਰ ਸਕੀ, ਸਗੋਂ ਅਧਿਆਪਕ ਵਰਗ ਪੰਜਾਬ ਸਰਕਾਰ ਅਤੇ ਅਫ਼ਸਰਸ਼ਾਹੀ ਦੇ ਗ਼ਲਤ ਫ਼ੈਸਲਿਆਂ ਕਰਕੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਸੂਬਾ ਕਮੇਟੀ ਦੀ ਮੀਟਿੰਗ ਵਿੱਚ ਲਏ ਫ਼ੈਸਲੇ ਅਨੁਸਾਰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਬਰਨਾਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਤੇ ਸਕੱਤਰ ਨਿਰਮਲ ਚੁਹਾਣਕੇ ਦੀ ਅਗਵਾਈ ‘ਚ ਵੱਡੀ ਗਿਣਤੀ ਅਧਿਆਪਕ ਕਾਰਕੁੰਨਾਂ ਵੱਲੋਂ 5178 ਅਧਿਆਪਕਾਂ ਦੀਆਂ ਮੰਨੀਆਂ ਮੰਗਾਂ ਹੱਲ ਨਾ ਹੋਣ ਕਾਰਨ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਅਨੁਪ੍ਰਿਤਾ ਜੌਹਰ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਸਕੱਤਰ (ਸਕੂਲਜ਼) ਪੰਜਾਬ ਨੂੰ ‘ਰੋਸ ਪੱਤਰ’ ਭੇਜਿਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਟੀਐੱਫ ਦੇ ਜ਼ਿਲ੍ਹਾ ਖਜ਼ਾਨਚੀ ਲਖਵੀਰ ਠੁੱਲੀਵਾਲ, ਸੂਬਾ ਕਮੇਟੀ ਮੈਂਬਰ ਸੁਖਦੀਪ ਤਪਾ, ਰਾਜਿੰਦਰ ਮੂਲੋਵਾਲ, ਬਲਾਕ ਪ੍ਰਧਾਨ ਮਾਲਵਿੰਦਰ ਸਿੰਘ, ਬਲਾਕ ਸਕੱਤਰ ਅੰਮ੍ਰਿਤ ਹਰੀਗੜ੍ਹ, ਰਘਵੀਰ ਕਰਮਗੜ੍ਹ ਤੇ ਸਹਾਇਕ ਪ੍ਰੈੱਸ ਸਕੱਤਰ ਪਲਵਿੰਦਰ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ 5178 ਅਧਿਆਪਕਾਂ (ਨਾਨ-ਪਟੀਸ਼ਨਰਜ਼) ਨੂੰ ਪਰਖ ਸਮੇਂ ਦੇ ਪੂਰੀ ਤਨਖਾਹ ਅਨੁਸਾਰ ਬਕਾਏ ਜਾਰੀ ਕਰਨ ਵਿੱਚ ਹੋ ਰਹੀ ਦੇਰੀ ਲਈ ਅੱਜ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਰੋਸ ਪੱਤਰ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਵੱਲੋਂ ਮਿਤੀ 26-2-2025 ਨੂੰ ਸਪੀਕਿੰਗ ਆਰਡਰ ਜਾਰੀ ਕਰਦੇ ਹੋਏ 5178 ਅਧਿਆਪਕਾਂ ਨੂੰ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੀ ਤਨਖਾਹ ਸਕੇਲ ਅਨੁਸਾਰ ਬਕਾਏ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਮਾ ਕੀਤੀ ਕਾਰਵਾਈ ਰਿਪੋਰਟ ਵਿੱਚ ਵੀ ਸਿੱਖਿਆ ਵਿਭਾਗ ਵੱਲੋਂ ਇਸ ਫ਼ੈਸਲੇ ਨੂੰ ਜਰਨਲਾਇਜ਼ ਕਰਨਾ ਅੰਕਿਤ ਕੀਤਾ ਗਿਆ ਸੀ। ਪ੍ਰੰਤੂ ਹਾਲੇ ਤੱਕ 5178 ਭਰਤੀ ਵਿੱਚਲੇ ਨਾਨ-ਪਟੀਸ਼ਨਰ ਅਧਿਆਪਕਾਂ ਨੂੰ ਪੂਰੀ ਤਨਖਾਹ ਸਕੇਲ ਅਨੁਸਾਰ ਬਕਾਏ ਨਹੀਂ ਦਿੱਤੇ ਗਏ ਹਨ। ਜਦ ਕਿ ਜਥੇਬੰਦੀ ਦੀਆਂ ਜੂਨ 2025 ਦਰਮਿਆਨ ਸਿੱਖਿਆ ਸਕੱਤਰ (ਸਕੂਲਜ਼) ਅਤੇ ਕੈਬਨਿਟ ਸਬ ਕਮੇਟੀ ਨਾਲ ਹੋਈਆਂ ਮੀਟਿੰਗਾਂ ਵਿੱਚ ਇੱਕ ਕਾਡਰ ‘ਤੇ ਇੱਕੋ ਜਿਹਾ ਤਨਖ਼ਾਹ ਸਕੇਲ ਲਾਗੂ ਹੋਣ ਦੇ ਤੈਅ ਸ਼ੁਦਾ ਨਿਯਮ ਤਹਿਤ ਮਸਲਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਉਹਨਾਂ ਮੰਗ ਕੀਤੀ ਕਿ ਸਮੂਹ 5178 ਅਧਿਆਪਕਾਂ ਨੂੰ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੇ ਤਨਖ਼ਾਹ ਸਕੇਲ ਅਨੁਸਾਰ ਬਣਦੇ ਬਕਾਏ ਬਿਨਾਂ ਕਿਸੇ ਪਟੀਸ਼ਨਰ ਜਾਂ ਨਾਨ-ਪਟੀਸ਼ਨਰ ਦਾ ਵਖਰੇਵਾਂ ਕੀਤਿਆਂ ਜਾਰੀ ਕਰਨ ਲਈ ਜਲਦ ਲੋੜੀਂਦਾ ਸਪੱਸ਼ਟੀਕਰਨ ਪੱਤਰ ਜਾਰੀ ਕੀਤਾ ਜਾਵੇ।
ਅਧਿਆਪਕ ਆਗੂਆਂ ਨੇ ਕਿਹਾ ਕਿ 5178 ਭਰਤੀ ਤਹਿਤ ਹੀ ਨਿਯੁਕਤ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਪ੍ਰੋਬੇਸ਼ਨ ਪੀਰੀਅਡ ਦੌਰਾਨ ਤਨਖ਼ਾਹ ਫਿਕਸੇਸ਼ਨ ਨੂੰ ਭਰਤੀ ਦੇ ਨਿਯਮਾਂ ਅਤੇ ਰੈਗੂਲਰਾਇਜੇਸ਼ਨ ਦੇ ਆਰਡਰਾਂ ਅਨੁਸਾਰ 4400 ਤਨਖ਼ਾਹ ਗ੍ਰੇਡ ਅਨੁਸਾਰ ਹੀ ਫਿਕਸ ਕਰਨ ਦੇ ਨਿਰਦੇਸ਼ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੇ ਜਾਣ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮਸਲੇ ਜਲਦ ਹੱਲ ਨਾ ਕੀਤੇ ਗਏ ਤਾਂ ਜੱਥੇਬੰਦੀ ਵੱਲੋਂ ਸੰਘਰਸ਼ ਹੋਰ ਤਿੱਖਾ ਕਰਦੇ ਹੋਏ 5 ਅਗਸਤ ਨੂੰ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ) ਦੇ ਦਫ਼ਤਰ ‘ਮਾਸ ਡੈਪੂਟੇਸ਼ਨ’ ਦੇ ਰੂਪ ਵਿੱਚ ਪਹੁੰਚਣ ਅਤੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਰਕਾਰੀ ਸਮਾਗਮ ਦੇ ਸਮਾਂਤਰ ਸੂਬਾਈ ਐਕਸ਼ਨ ਵੀ ਕਰਨ ਦੀ ਵਿਉਂਤਬੰਦੀ ਉਲੀਕੀ ਜਾਵੇਗੀ । ਇਸ ਸਮੇਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਸਕੱਤਰ ਬਲਜਿੰਦਰ ਪ੍ਰਭੂ ਤੋਂ ਇਲਾਵਾ ਰਮਨਦੀਪ ਸਿੰਗਲਾ, ਹੈੱਡਮਾਸਟਰ ਪ੍ਰਦੀਪ ਕੁਮਾਰ, ਸੁਖਪ੍ਰੀਤ ਬੜੀ, ਭੁਪਿੰਦਰ ਸੇਖਾ, ਕੁਲਵੰਤ ਕੁਠਾਲਾ, ਯਸ਼ਪਾਲ, ਰੁਪਿੰਦਰ ਸਿੰਘ, ਕੁਲਦੀਪ ਕੌਰ, ਪ੍ਰਵੀਨ , ਖੁਸ਼ਵੰਤ ਕੌਰ, ਰਣਜੀਤ ਕੌਰ, ਸੀਮਾ, ਹਰਦੀਪ ਕੌਰ, ਰੀਤੀ , ਗੁਰਮੀਤ ਕੌਰ, ਸੁਦੇਸ਼, ਸਰਬਜੀਤ ਕੌਰ ਆਦਿ ਹਾਜ਼ਰ ਸਨ।

Posted inਬਰਨਾਲਾ