ਬਰਨਾਲਾ, 17 ਜੁਲਾਈ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਵਿਚ ਸੀਵਰੇਜ ਅਤੇ ਪਾਣੀ ਸਪਲਾਈ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਆ ਰਹੀ ਦਿੱਕਤ ਦੇ ਮੱਦੇਨਜ਼ਰ, ਬਰਨਾਲਾ ਨਗਰ ਕੌਂਸਲ ਦੇ ਕਈ ਕੌਂਸਲਰਾਂ ਨੇ ਐੱਸ.ਡੀ.ਐੱਮ. ਹਰਪ੍ਰੀਤ ਸਿੰਘ ਅਟਵਾਲ ਨਾਲ ਮੁਲਾਕਾਤ ਕੀਤੀ। ਸੀਵਰੇਜ ਤੇ ਪਾਣੀ ਸਪਲਾਈ ਦੀ ਸਮੱਸਿਆ ਨੂੰ ਲੈ ਕੇ ਕੌਂਸਲਰਾਂ ਨੇ ਐੱਸ.ਡੀ.ਐੱਮ. ਨੂੰ ਮੰਗ ਪੱਤਰ ਵੀ ਸੌਂਪਦਿਆਂ ਮੰਗ ਕੀਤੀ ਕਿ ਸ਼ਹਿਰ ਵਿਚ ਬੇਹਤਰੀਨ ਸੀਵਰੇਜ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਠੇਕੇਦਾਰ ਕੰਪਨੀ ਦੀ ਕਾਰਗੁਜ਼ਾਰੀ ਦੀ ਜਾਂਚ ਕਰਕੇ ਜ਼ਿੰਮੇਵਾਰਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਵਫਦ ਵਿਚ ਕੌਂਸਲਰ ਜਗਰਾਜ ਸਿੰਘ ਪੰਡੋਰੀ, ਕਮਲਜੀਤ ਸਿੰਘ ਸ਼ੀਤਲ, ਜਸਮੇਲ ਸਿੰਘ ਡਾਇਰੀ ਵਾਲਾ, ਜੀਵਨ ਕੁਮਾਰ ਖੋਏ ਵਾਲੇ, ਹਰਬਖ਼ਸ਼ੀਸ਼ ਸਿੰਘ ਗੋਨੀ, ਗੁਰਦਰਸ਼ਨ ਬਰਾੜ, ਪਰਮਜੀਤ ਪੱਖੋ, ਸੋਨੀ ਜਾਗਲ ਅਤੇ ਗੁਰਪ੍ਰੀਤ ਸੋਨੀ ਸੰਘੇੜਾ ਸ਼ਾਮਲ ਸਨ। ਕੌਂਸਲਰਾਂ ਨੇ ਮੰਗ ਪੱਤਰ ਵਿਚ ਦੱਸਿਆ ਕਿ ਬਰਨਾਲਾ ਸ਼ਹਿਰ ਦੀ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੰਮ ਗਿਰਧਾਰੀ ਲਾਲ ਐਂਡ ਕੰਪਨੀ ਕੋਲ ਹੈ। ਪਰ ਇਹ ਕੰਪਨੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਸੀਵਰੇਜ ਦੀ ਸਾਫ਼-ਸਫ਼ਾਈ ਨਾ ਹੋਣ ਕਾਰਨ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜੋ ਸਿੱਧਾ ਤੌਰ ‘ਤੇ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ। ਕੌਂਸਲਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਕੰਪਨੀ ਦੇ ਮੈਨੇਜਰ ਨਾਲ ਸੰਪਰਕ ਕੀਤਾ ਗਿਆ, ਪਰ ਮੈਨੇਜਰ ਨੇ ਉਲਟਾ ਉਨ੍ਹਾਂ ਨਾਲ ਅਪਮਾਨਜਨਕ ਭਾਸ਼ਾ ਵਰਤੀ ਅਤੇ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਕੌਂਸਲਰਾਂ ਵੱਲੋਂ ਮੰਗ ਕੀਤੀ ਗਈ ਕਿ ਗਿਰਧਾਰੀ ਲਾਲ ਐਂਡ ਕੰਪਨੀ ਦੇ ਮੈਨੇਜਰ ਵੱਲੋਂ ਕੀਤੀ ਗਈ ਅਪਮਾਨਜਨਕ ਭਾਸ਼ਾ ਅਤੇ ਅਣਜਿੰਮੇਵਾਰੀ ਖ਼ਿਲਾਫ ਫੌਰੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਮੈਨੇਜਰ ਦੀ ਬਦਲੀ ਦੀ ਵੀ ਮੰਗ ਕੀਤੀ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੰਪਨੀ ਜਨਤਾ ਦੀ ਸੁਣਵਾਈ ਅਤੇ ਜਵਾਬਦੇਹੀ ਦੇ ਅਸੂਲਾਂ ‘ਤੇ ਚੱਲਣ ਲਈ ਮਜਬੂਰ ਹੋਵੇ।
ਐੱਸ.ਡੀ.ਐੱਮ. ਬਰਨਾਲਾ ਹਰਪ੍ਰੀਤ ਸਿੰਘ ਅਟਵਾਲ ਨੇ ਵਫਦ ਨੂੰ ਭਰੋਸਾ ਦਿੱਤਾ ਅਤੇ ਦੱਸਿਆ ਕਿ ਉਨ੍ਹਾਂ ਨੂੰ ਮੰਗ ਪੱਤਰ ਮਿਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰਵਾਉਣਗੇ ਅਤੇ ਜੋ ਵੀ ਲੋੜੀਂਦੀ ਕਾਰਵਾਈ ਹੋਵੇਗੀ, ਉਹ ਸ਼ੁੱਧਤਾ ਨਾਲ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਨਤਕ ਸਹੂਲਤਾਂ ਸਬੰਧੀ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Posted inਬਰਨਾਲਾ