12 ਅਗਸਤ ਸ਼ਹੀਦ ਕਿਰਨਜੀਤ ਕੌਰ ਦੇ 28ਵੇਂ ਬਰਸੀ ਸਮਾਗਮ ਵਿੱਚ ਪਾਵਰਕੌਮ ਪੈਨਸ਼ਨਰਜ਼ ਜ਼ੋਰਦਾਰ ਸ਼ਮੂਲੀਅਤ ਕਰਨਗੇ – ਸਿੰਦਰ ਧੌਲਾ
ਬਰਨਾਲਾ, 21 ਜੁਲਾਈ (ਰਵਿੰਦਰ ਸ਼ਰਮਾ) : ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲ ਕਮੇਟੀਆਂ ਦੀ ਸਾਂਝੀ ਮੀਟਿੰਗ ਜੱਗਾ ਸਿੰਘ ਧਨੌਲਾ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੂਬਾ ਪ੍ਰੈੱਸ ਸਕੱਤਰ ਸਿੰਦਰ ਧੌਲਾ ਨੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਜਥੇਬੰਦਕ ਇਜਲਾਸ ਦੀ ਰਿਪੋਰਟ ਕੀਤੀ ਅਤੇ ਨਵੀਂ ਚੁਣੀ ਗਈ ਸੂਬਾਈ ਟੀਮ ਤੋਂ ਜਾਣੂ ਕਰਵਾਉਂਦਿਆਂ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਖਿਲਾਫ਼ ਚੱਲ ਰਹੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਕਿਉਂ ਕਿ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਵਾਰ ਵਾਰ ਗੱਲਬਾਤ ਕਰਕੇ, ਸਹਿਮਤੀਆਂ ਬਣਾਕੇ ਲਾਗੂ ਕਰਨ ਤੋਂ ਟਾਲਾ ਵੱਟ ਰਹੀ ਹੈ। ਰੂਪ ਚੰਦ ਤਪਾ, ਮੋਹਣ ਸਿੰਘ ਛੰਨਾਂ, ਗੁਰਚਰਨ ਸਿੰਘ ਬਰਨਾਲਾ, ਮੇਲਾ ਸਿੰਘ ਕੱਟੂ ਨੇ ਦੱਸਿਆ ਕਿ ਪਾਵਰਕੌਮ ਦੇ ਕੁੱਝ ਪੈਨਸ਼ਨਰਜ਼ ਦਾ 01-01-2016 ਤੋਂ ਸਕੇਲਾਂ ਦਾ ਏਰੀਅਰ ਅਤੇ ਲੀਵ ਇਨ ਕੈਸਮੈਂਟ ਦੇ ਬਕਾਏ ਦੀ ਅਦਾਇਗੀ ਨਾ ਹੋਣ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਅਤੇ ਮੰਗ ਕੀਤੀ ਗਈ ਕਿ ਰਹਿੰਦੇ ਪੈਨਸ਼ਨਰਜ਼ ਦਾ ਇਹ ਬਕਾਇਆ ਬਿਨਾਂ ਕਿਸੇ ਦੇਰੀ ਦੇ ਤੁਰੰਤ ਅਦਾ ਕੀਤਾ ਜਾਵੇ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਮੀਟਿੰਗ ਵਿੱਚ ਸ਼ਾਮਿਲ ਹੋਏ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਦੇ ਬੁਲਾਰੇ ਨਰਾਇਣ ਦੱਤ ਨੇ ਮਹਿਲਕਲਾਂ ਲੋਕ ਘੋਲ ਦੇ ਅਤੀਤ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ‘ਜ਼ਬਰ ਖ਼ਿਲਾਫ਼ ਲੋਕ ਟਾਕਰੇ ਦਾ ਐਲਾਨਨਾਮਾ’ ਮਹਿਲਕਲਾਂ ਲੋਕ ਘੋਲ 28ਵੇਂ ਸਾਲ ਵਿੱਚ ਦਾਖ਼ਲ ਹੋ ਗਿਆ ਹੈ। ਇਹ ਲੋਕ ਘੋਲ ਅਨੇਕਾਂ ਮੋੜਾਂ ਘੋੜਾਂ ਵਿੱਚੋਂ ਲੰਘਿਆ ਹੈ। ਇਸ ਲੋਕ ਘੋਲ ਨੇ ਲੋਕਾਈ ‘ਤੇ ਟੇਕ ਰੱਖਦਿਆਂ ਅਨੇਕਾਂ ਗੰਭੀਰ ਚੁਣੌਤੀਆਂ ਦਾ ਪੂਰੀ ਸਿਦਕ ਦਿਲੀ ਨਾਲ ਟਾਕਰਾ ਕੀਤਾ ਹੈ। ਇਤਿਹਾਸਕ ਪ੍ਰਾਪਤੀਆਂ ਕੀਤੀਆਂ ਹਨ। ਇਸ ਵਾਰ ਸ਼ਹੀਦ ਕਿਰਨਜੀਤ ਕੌਰ ਦਾ 28ਵਾਂ ਬਰਸੀ ਸਮਾਗਮ ‘ਗ਼ਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ’ ਨੂੰ ਸਮਰਪਿਤ ਹੋਵੇਗਾ। ਇਹ ਸਮਾਗਮ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਦੇ ਔਰਤ ਬੁਲਾਰਿਆਂ ਵਜੋਂ ਉੱਘੀ ਲੇਖਿਕਾ, ਵਿਦਵਾਨ, ਚਿੰਤਕ ਕਵਿਤਾ ਕ੍ਰਿਸ਼ਨਨ ਅਤੇ ਜਮਹੂਰੀ ਹੱਕਾਂ ਦੀ ਅਹਿਮ ਸ਼ਖ਼ਸੀਅਤ ਐਡਵੋਕੇਟ ਅਮਨਦੀਪ ਕੌਰ ਹੋਣਗੇ। ਇਸ ਲੋਕ ਘੋਲ ਦੀ ਢਾਲ ਅਤੇ ਤਲਵਾਰ ਲੱਖਾਂ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ ਅਤੇ ਔਰਤਾਂ ਹਨ।ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਵੀ ਇਸ ਲੋਕ ਘੋਲ ਵਿੱਚ ਆਪਣੀ ਹੈਸੀਅਤ ਮੁਤਾਬਿਕ ਬਣਦਾ ਯੋਗਦਾਨ ਪਾ ਰਹੇ ਹਨ। ਵਿਦੇਸ਼ਾਂ ਵਿੱਚ ਪੰਜਾਬੀ ਖਾਸ ਕਰ ਸਾਡੇ ਨੌਜਵਾਨ ਧੀਆਂ ਪੁੱਤਰ ਸਿੱਧੇ ਰੂਪ ਵਿੱਚ ਭਲੇ ਹੀ ਸ਼ਾਮਿਲ ਨਹੀਂ ਹੋ ਸਕਦੇ ਪਰ ਪ੍ਰਚਾਰ ਮੁਹਿੰਮ ਰਾਹੀਂ, ਵਿਚਾਰ ਗੋਸ਼ਟੀਆਂ ਰਾਹੀਂ, ਆਰਥਿਕ ਪੱਖੋਂ ਸਹਿਯੋਗ ਕਰਕੇ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਆ ਰਹੇ ਹਨ। ਇਹ ਸੰਘਰਸ਼ ਕਿਸੇ ਇੱਕ ਘਟਨਾ ਦੇ ਖ਼ਿਲਾਫ਼ ਨਾ ਹੋਕੇ ਔਰਤ ਵਰਗ ਦੀ ਮੁਕੰਮਲ ਮੁਕਤੀ ‘ਨਵਾਂ ਲੋਕ ਪੱਖੀ ਸਮਾਜ ਸਿਰਜਣ’ ਲਈ ਚੱਲ ਰਿਹਾ ਹੈ। ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਆਪਣੇ ਆਪ ਵਿੱਚ ਜਥੇਬੰਦ ਹੋਈ ਲੋਕ ਤਾਕਤ ਤੋਂ ਬਿਨਾਂ ਕੁੱਝ ਨਹੀਂ। ਮੀਟਿੰਗ ਵਿੱਚ ਹਾਜ਼ਰ ਆਗੂਆਂ ਬਲਵੰਤ ਸਿੰਘ ਬਰਨਾਲਾ, ਜਗਦੀਸ਼ ਸਿੰਘ ਨਾਈਵਾਲਾ, ਰਾਮਪਾਲ ਸਿੰਘ ਧਨੌਲਾ, ਸਿਕੰਦਰ ਸਿੰਘ ਤਪਾ, ਜਗਰਾਜ ਸਿੰਘ ਬਰਨਾਲਾ, ਸ਼ਿੰਗਾਰਾ ਸਿੰਘ ਕੁਰੜ, ਬਲਦੇਵ ਸਿੰਘ ਬਰਨਾਲਾ, ਤੀਰਥ ਦਾਸ ਬਾਵਾ, ਬੂਟਾ ਸਿੰਘ ਛੰਨਾਂ ਆਦਿ ਹਾਜ਼ਰ ਆਗੂਆਂ ਨੇ ਪੈਨਸ਼ਨਰਜ਼ ਐਸੋਸੀਏਸ਼ਨ ਨੂੰ ਮਜ਼ਬੂਤ ਕਰਨ ਲਈ ਮੈਂਬਰਸ਼ਿਪ ਵਧਾਉਣ ਦੀ ਵਿਉਂਤਬੰਦੀ ਕੀਤੀ ਗਈ। ਆਗੂਆਂ ਕਿਹਾ ਕਿ 5 ਅਗਸਤ ਹੋਣ ਵਾਲੀ ਜਨਰਲ ਮੀਟਿੰਗ ਵਿੱਚ ਇਸ ਮਹੀਲਕਲਾਂ ਲੋਕ ਘੋਲ ਬਾਰੇ ਖੁੱਲ ਕੇ ਵਿਚਾਰ ਚਰਚਾ ਕੀਤੀ ਜਾਵੇਗੀ। ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ 28 ਜੁਲਾਈ ਨੂੰ ਬਾਅਦ ਦੁਪਹਿਰ 2.30 ਵਜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲਕਲਾਂ ਵਿਖੇ ਹੋ ਰਹੀ ਮੀਟਿੰਗ ਵਿੱਚ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ। ਦੋਵਾਂ ਕਮੇਟੀਆਂ ਨੇ ਫੈਸਲਾ ਕੀਤਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਦੇ 12 ਅਗਸਤ ਦਾਣਾ ਮੰਡੀ ਮਹਿਲਕਲਾਂ ਸ਼ਹੀਦ ਕਿਰਨਜੀਤ ਕੌਰ ਦੇ 28ਵੇਂ ਬਰਸੀ ਸਮਾਗਮ ਵਿੱਚ ਆਰਥਿਕ ਸਹਿਯੋਗ ਅਤੇ ਸ਼ਮੂਲੀਅਤ ਪੱਖੋਂ ਵਧ ਚੜ੍ਹ ਕੇ ਭਾਗ ਲਿਆ ਜਾਵੇਗਾ।

Posted inਬਰਨਾਲਾ
