ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਜ਼ਮਾਨਤ ਪਟੀਸ਼ਨ ਰੱਦ
ਚੰਡੀਗੜ੍ਹ, 22 ਜੁਲਾਈ (ਰਵਿੰਦਰ ਸ਼ਰਮਾ) : ਬਠਿੰਡਾ ‘ਚ ਡਰੱਗ ਤਸਕਰੀ ਨਾਲ ਜੁੜੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਮਨਦੀਪ ਕੌਰ ਦੀ ਪਟੀਸ਼ਨ ‘ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦੁਬਾਰਾ ਸੁਣਵਾਈ ਹੋਈ ਪਰ ਹਾਈ ਕੋਰਟ ਨੇ ਫਿਰ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਸੋਮਵਾਰ ਨੂੰ ਵੀ ਅਦਾਲਤ ਨੇ ਉਸਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।
ਹਾਲਾਂਕਿ ਕੱਲ੍ਹ ਸਵੇਰੇ ਹਾਈ ਕੋਰਟ ਨੇ ਅਮਨਦੀਪ ਕੌਰ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ ਪਰ ਦੁਪਹਿਰ ਵੇਲੇ ਉਸ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਜੇਕਰ ਉਸ ਨੂੰ ਕੁਝ ਸਮਾਂ ਦਿੱਤਾ ਜਾਵੇ ਤਾਂ ਉਹ ਕੁਝ ਮਹੱਤਵਪੂਰਨ ਤੱਥ ਪੇਸ਼ ਕਰਨਾ ਚਾਹੁੰਦਾ ਹੈ, ਇਸ ਬੇਨਤੀ ‘ਤੇ ਹਾਈ ਕੋਰਟ ਨੇ ਅੱਜ ਸਵੇਰੇ ਦੁਬਾਰਾ ਸੁਣਵਾਈ ਕਰਨ ਦਾ ਫੈਸਲਾ ਕੀਤਾ ਸੀ। ਜਦੋਂ ਅੱਜ ਸਵੇਰੇ ਇਸ ਪਟੀਸ਼ਨ ‘ਤੇ ਸੁਣਵਾਈ ਸ਼ੁਰੂ ਹੋਈ ਤਾਂ ਥਾਰ ਗਰਲ ਅਮਨਦੀਪ ਕੌਰ ਦੇ ਵਕੀਲ ਨੇ ਕਈ ਦਲੀਲਾਂ ਦਿੱਤੀਆਂ ਪਰ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਇੱਕ ਵਾਰ ਫਿਰ ਅਮਨਦੀਪ ਕੌਰ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।
ਥਾਰ ‘ਚੋਂ ਫੜੀ ਗਈ ਸੀ ਹੈਰੋਇਨ
ਅਮਨਦੀਪ ਕੌਰ ਉਦੋਂ ਸੁਰਖੀਆਂ ਵਿੱਚ ਆਈ ਜਦੋਂ 2 ਅਪ੍ਰੈਲ 2025 ਨੂੰ ਬਠਿੰਡਾ ਵਿੱਚ ਥਾਰ ‘ਚੋਂ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਨੂੰ ਉਸੇ ਦਿਨ ਮੁਅੱਤਲ ਅਤੇ ਬਰਖਾਸਤ ਕਰ ਦਿੱਤਾ ਗਿਆ ਸੀ। ਇਹ ਮਾਮਲਾ ਹੌਲੀ-ਹੌਲੀ ਹਾਈ-ਪ੍ਰੋਫਾਈਲ ਹੋ ਗਿਆ। ਇਸ ਤੋਂ ਬਾਅਦ ਅਮਨਦੀਪ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਸਨੂੰ ਇੱਕ ਸਾਜ਼ਿਸ਼ ਵਜੋਂ ਫਸਾਇਆ ਗਿਆ ਹੈ। ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਪੂਰੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਗਈ ਹੈ। ਉਨ੍ਹਾਂ ਨੇ ਅਦਾਲਤ ਵਿੱਚ ਐਫਆਈਆਰ ਦੀ ਇੱਕ ਕਾਪੀ ਵੀ ਪੇਸ਼ ਕੀਤੀ।
ਅਮਨਦੀਪ ਕੌਰ ਕੇਸ ‘ਚ ਹੁਣ ਤੱਕ ਕੀ-ਕੀ ਹੋਇਆ
2 ਅਪ੍ਰੈਲ 2025: ਬਠਿੰਡਾ ਵਿੱਚ ਥਾਰ ਗੱਡੀ ਤੋਂ 17.71 ਗ੍ਰਾਮ ਹੈਰੋਇਨ ਬਰਾਮਦ ਹੋਈ। ਮੌਕੇ ‘ਤੇ ਹੀ ਗ੍ਰਿਫ਼ਤਾਰੀ ਹੋਈ। ਉਸੇ ਦਿਨ ਸਸਪੈਂਡ ਕਰਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।
3 ਅਪ੍ਰੈਲ: 1 ਦਿਨ ਦੀ ਪੁਲਿਸ ਰਿਮਾਂਡ ਮਿਲੀ।
4 ਅਪ੍ਰੈਲ: 2 ਦਿਨ ਦੀ ਹੋਰ ਰਿਮਾਂਡ ਦਿੱਤੀ ਗਈ।
1–2 ਮਈ: 50,000 ਰੁਪਏ ਦੇ ਨਿੱਜੀ ਮੁਚਲਕੇ ‘ਤੇ ਜ਼ਮਾਨਤ ਮਿਲੀ।
26 ਮਈ: ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਫ਼ਿਰ ਗ੍ਰਿਫ਼ਤਾਰ ਕੀਤਾ।
ਜਾਇਦਾਦ ਜ਼ਬਤ : ਕੁੱਲ ₹1.35 ਕਰੋੜ ਦੀ ਜਾਇਦਾਦ ਫ੍ਰੀਜ਼ ਕੀਤੀ ਗਈ।
