– ਔਰਤਾਂ ਨੂੰ ਨਸ਼ੀਲੀ ਚੀਜ਼ ਸੁੰਘਾ ਦੋ ਘਰਾਂ ‘ਚ ਹੱਥ ਕਰ ਗਈ ਸਾਫ
ਮਹਿਲ ਕਲਾਂ\ਬਰਨਾਲਾ, 23 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਪਿੰਡ ਮਨਾਲ ਵਿਖੇ ਇੱਕ ਨੌਸ਼ਰਬਾਜ ਔਰਤ ਵੱਲੋਂ ਪੁਰਾਣੇ ਭਾਂਡੇ ਬਦਲੇ ਨਵੇਂ ਭਾਂਡੇ ਦੇਣ ਦੀ ਆੜ ‘ਚ ਦੋ ਘਰਾਂ ਦੀਆਂ ਔਰਤਾਂ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਤਿੰਨ ਤੋਲੇ ਸੋਨਾ ਤੇ ਅੱਠ ਤੋਲੇ ਚਾਂਦੀ ਦੇ ਗਹਿਣੇ ਲੈ ਕੇ ਰਫੂ ਚੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪੀੜਤ ਕੁਲਬੀਰ ਸਿੰਘ ਵਾਸੀ ਮਨਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਇੱਕ ਅਣਪਛਾਤੀ ਔਰਤ ਜੋ ਪਿੰਡ ‘ਚ ਨਵੇਂ ਭਾਂਡੇ ਵੇਚਣ ਤੇ ਪੁਰਾਣੇ ਭਾਂਡੇ ਖਰੀਦਣ ਲਈ ਆਈ ਸੀ, ਉਸ ਨੇ ਸਾਡੇ ਘਰ ਅੰਦਰ ਦਾਖਲ ਹੋ ਕੇ ਮੇਰੀ ਨੂੰਹ ਰੀਨਾ ਕੌਰ ਅਤੇ ਨੀਸੂ ਕੌਰ ਤੋਂ ਪੁਰਾਣੇ ਭਾਂਡੇ ਲੈ ਤੇ ਇੱਕ ਦੋ ਦਿਨ ਬਾਅਦ ਨਵੇਂ ਭਾਂਡੇ ਦੇ ਗਈ। ਉਸ ਤੋਂ ਕੁਝ ਦਿਨ ਬਾਅਦ ਉਹ ਔਰਤ ਫਿਰ ਸਾਡੇ ਘਰ ਆਈ, ਸਾਡੀਆਂ ਔਰਤਾਂ ਨੂੰ ਨਸ਼ੀਲੀ ਵਸਤੂ ਸੁੰਘਾ ਕੇ ਬੇਹੋਸ਼ ਕਰ ਦਿੱਤਾ ਅਤੇ ਘਰ ਵਿਚੋਂ ਕੀਮਤੀ ਗਹਿਣੇ ਚੋਰੀ ਕਰ ਲੈ ਗਈ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਗਹਿਣਿਆਂ ਵਿੱਚ ਅੱਧਾ ਤੋਲਾ ਛਾਪ, ਅੱਧਾ ਤੋਲਾ ਕਾਂਟਾ, ਅੱਠ ਤੋਲੇ ਦੀਆਂ ਪੈਰਾਂ ਦੀਆਂ ਝਾਂਜਰਾਂ ਅਤੇ ਮੰਗਲਸੂਤਰ ਆਦਿ ਸਨ। ਇਸ ਤੋਂ ਇਲਾਵਾ, ਉਸ ਔਰਤ ਨੇ ਦੂਜੇ ਘਰ ਵਿੱਚ ਦਾਖਲ ਹੋ ਕੇ ਭਰਜਾਈ ਰੇਖਾ ਕੌਰ ਦੀਆਂ ਅੱਧੇ ਤੋਲੇ ਦੀਆਂ ਸੋਨੇ ਦੀਆਂ ਬਾਲੀਆਂ ਅਤੇ ਚਾਂਦੀ ਦੀਆਂ ਝਾਂਜਰਾਂ ਵੀ ਚੋਰੀ ਕਰ ਲਈਆਂ।
ਕੁਲਬੀਰ ਸਿੰਘ ਨੇ ਕਿਹਾ ਕਿ ਚੋਰੀ ਦੇ ਸਮੇਂ ਘਰਾਂ ਦੇ ਮਰਦ ਮਜ਼ਦੂਰੀ ਲਈ ਬਾਹਰ ਸਨ ਅਤੇ ਘਰ ਵਿੱਚ ਸਿਰਫ ਔਰਤਾਂ ਹੀ ਮੌਜੂਦ ਸਨ, ਜਿਸਦਾ ਨਾਜਾਇਜ਼ ਫਾਇਦਾ ਚੁੱਕਦੇ ਹੋਏ ਇਹ ਚੋਰੀ ਕੀਤੀ ਗਈ। ਇਸ ਘਟਨਾ ਸਬੰਧੀ ਥਾਣਾ ਠੁੱਲੀਵਾਲ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਵਾਸੀਆਂ ਵੱਲੋਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਐਸੀਆਂ ਔਰਤਾਂ, ਜੋ ਭਾਂਡੇ ਵੇਚਣ ਲਈ ਪਿੰਡਾਂ ਵਿੱਚ ਆਉਂਦੀਆਂ ਹਨ, ਉਨ੍ਹਾਂ ਦੀ ਜਾਂਚ-ਪੜਤਾਲ ਕੀਤੀ ਜਾਵੇ ਅਤੇ ਐਸੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ। ਇਸ ਮੌਕੇ ਸਮਾਜ ਸੇਵੀ ਸਰਬਜੀਤ ਸਿੰਘ ਮਨਾਲ, ਪੰਚ ਅਮਨਦੀਪ ਸਿੰਘ ਮਨਾਲ ਵੀ ਹਾਜ਼ਰ ਸਨ।

Posted inਬਰਨਾਲਾ