ਬਰਨਾਲਾ, 25 ਜੁਲਾਈ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਦੇ ਆਈ.ਟੀ.ਆਈ. ਚੌਂਕ, ਰਾਏਕੋਟ ਰੋਡ, ਤਰਕਸ਼ੀਲ ਚੌਂਕ, ਬਾਜ਼ਾਖ਼ਾਨਾ ਚੌਂਕ ਨੇੜੇ ਬਣੇ ਹੋਟਲਾਂ ਵਿੱਚ ਗੈਰ ਕਾਨੂੰਨੀ ਧੰਦਿਆਂ ਦੀਆਂ ਸੁਰਖੀਆਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਆਖਰ ਸ਼ੁੱਕਰਵਾਰ ਨੂੰ ਬਰਨਾਲਾ ਪੁਲਿਸ ਨੇ ਡੀ.ਐੱਸ.ਪੀ. ਸਤਵੀਰ ਸਿੰਘ ਬੈਂਸ ਦੀ ਅਗਵਾਈ ਹੇਠ ਛਾਪੇਮਾਰੀ ਕਰਦਿਆਂ ਚੈਕਿੰਗ ਕੀਤੀ।

ਇਸ ਦੌਰਾਨ ਪੁਲਿਸ ਨੂੰ ਵੇਖਦਿਆਂ ਹੀ ਹੋਟਲਾਂ ਦੇ ਕਮਰਿਆਂ ਵਿੱਚ ਠਹਿਰੇ ਜੋੜਿਆਂ ਵਿੱਚ ਹਫ਼ੜਾ ਦਫੜੀ ਮੱਚ ਗਈ। ਇਸ ਮੌਕੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਹੋਟਲ ਬਣਾਉਣ ਲਈ ਸਰਕਾਰ ਵੱਲੋਂ ਤੈਅ ਨਿਯਮਾਂ ਤੇ ਸ਼ਰਤਾਂ ਨੂੰ ਵਿਸ਼ੇਸ਼ ਤੌਰ ’ਤੇ ਵਾਚਿਆ। ਉਧਰ ਚੈਕਿੰਗ ਦੌਰਾਨ ਸੀ.ਐਲ.ਯੂ., ਬਿਲਡਿੰਗ ਪਲੈਨ ਅਤੇ ਫਾਇਰ ਸੇਫਟੀ ਸਬੰਧੀ ਐਨ.ਓ.ਸੀ. ਆਦਿ ਦਸਤਾਵੇਜ ਚੈੱਕ ਕੀਤੇ ਗਏ, ਜਿਨਾਂ ਵਿੱਚੋਂ ਜਿਆਦਾਤਰ ਹੋਟਲਾਂ ਦੇ ਪ੍ਰਬੰਧਕ ਕੋਈ ਵੀ ਦਸਤਾਵੇਜ ਪੇਸ਼ ਨਹੀਂ ਕਰ ਸਕੇ। ਜਿਸ ਕਾਰਨ ਬਰਨਾਲਾ ਪ੍ਰਸ਼ਾਸਨ ਵੱਲੋਂ ਅਗਲੇ ਹੁਕਮਾਂ ਤੱਕ ਹੋਟਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰਦਿਆਂ ਹੋਟਲਾਂ ਦੇ ਪ੍ਰਬੰਧਕਾਂ ਨੂੰ ਐੱਸ.ਡੀ.ਐੱਮ. ਬਰਨਾਲਾ ਦਫਤਰ ਵਿਖੇ ਚਾਰਾਜੋਈ ਕਰਨ ਦਾ ਆਦੇਸ਼ ਦਿੱਤਾ ਗਿਆ।

ਆਖਰ ਫ਼ਾਇਰ ਸੇਫਟੀ ਨਿਯਮਾਂ ਦੀ ਉਲੰਘਣਾ ਕਾਰਨ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ 11 ਹੋਟਲਾਂ, ਜਿਨਾਂ ਵਿੱਚ ਹੋਟਲ ਕਨੇਡਾ, ਹੋਟਲ ਮਿਲਨ, ਹੋਟਲ ਸਿਮਰ, ਹੋਟਲ ਵਿਵਾਨ ਨੇੜੇ ਜੀ ਸਿਨੇਮਾ, ਹੋਟਲ ਗ੍ਰੇਸ ਐਂਡ ਰੈਸਟੋਰੈਂਟ ਨੇੜੇ ਜਿਲ੍ਹਾ ਜੇਲ, ਹੋਟਲ ਵਲਿੰਗਟਨ ਨੇੜੇ ਤਰਕਸ਼ੀਲ ਚੌਂਕ, ਹੋਟਲ ਡਾਇਮੰਡ ਰਾਏਕੋਟ ਰੋਡ, ਹੋਟਲ ਸਨਬੀਮਜ਼ ਸਾਹਮਣੇ ਵੀਆਰਸੀ ਮਾਲ, ਹੋਟਲ ਟੇਸਟੀ ਟੱਚ ਨੇੜੇ ਫਰਵਾਹੀ ਚੂੰਗੀ, ਹੋਟਲ ਏ23 ਨੇੜੇ ਤਰਕਸ਼ੀਲ ਚੌਂਕ ਅਤੇ ਹੋਟਲ ਰੋਇਲ ਸਿਟੀ ਹੰਡਿਆਇਆ ਰੋਡ ਸ਼ਾਮਲ ਹਨ, ਨੂੰ ਨਿਯਮਾਂ ਦੀ ਪੂਰਤੀ ਨਾ ਕੀਤੇ ਜਾਣ ਤੱਕ ਜਿੰਦਰਾ ਜੜ ਦਿੱਤਾ ਹੈ।

ਮੌਕੇ ’ਤੇ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਰੇਡ ਦੌਰਾਨ ਲਗਭਗ ਸਾਰੇ ਹੀ ਹੋਟਲਾਂ ਵਿੱਚ ਕਮਰੇ ਲੈ ਕੇ ਠਹਿਰੇ ਤਕਰੀਬਨ ਸੱਤ ਅੱਠ ਜੋੜਿਆਂ ਦੀ ਪਹਿਚਾਣ ਲਈ ਉਹਨਾਂ ਦੇ ਆਧਾਰ ਕਾਰਡ ਅਤੇ ਹੋਟਲਾਂ ਵਿੱਚ ਰੂਮ ਰੈਂਟ ’ਤੇ ਦੇਣ ਸਮੇਂ ਰਿਕਾਰਡ ਰੱਖਣ ਲਈ ਲਾਏ ਰਜਿਸਟਰਾਂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਹੋਟਲਾਂ ਦੇ ਕਮਰਿਆਂ ਵਿੱਚ ਠਹਿਰੇ ਜੋੜਿਆਂ ਨੂੰ ਜਾਂਚ ਪੜਤਾਲ ਕਰਨ ਉਪਰੰਤ ਭੇਜ ਦਿੱਤਾ। ਕਿਉਂਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਸ਼ਨਾਖਤੀ ਕਾਰਡ ਦੇ ਕੇ ਕਮਰਿਆਂ ਵਿੱਚ ਠਹਿਰੇ ਜੋੜਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਭਾਵੇਂ ਉਹ ਮੈਰਿਡ ਹੋਣ ਜਾਂ ਨਹੀਂ। ਇਸ ਮੌਕੇ ਡੀ.ਐੱਸ.ਪੀ. ਸਤਵੀਰ ਸਿੰਘ ਬੈਂਸ ਨੇ ਕਿਹਾ ਕਿ ਹੋਟਲਾਂ ਦੀ ਅਜਿਹੀ ਚੈਕਿੰਗ ਭਵਿੱਖ ਵਿੱਚ ਵੀ ਜਾਰੀ ਰਹੇਗੀ ਤਾਂ ਜੋ ਕਿਸੇ ਵੀ ਹੋਟਲ ਵਿੱਚ ਕੋਈ ਗੈਰ ਕਾਨੂੰਨੀ ਗਤੀਵਿਧੀ ਨਾ ਹੋ ਸਕੇ। ਇਸ ਮੌਕੇ ਥਾਣਾ ਸਿਟੀ ਦੋ ਦੇ ਮੁਖੀ ਚਰਨਜੀਤ ਸਿੰਘ ਸਣੇ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਹਾਜ਼ਰ ਸਨ।