ਫਿਰੋਜ਼ਪੁਰ, 28 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਸਰਕਾਰ ਦੇ ਖਿਲਾਫ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਪੱਕੇ ਤੌਰ ‘ਤੇ ਮੋਰਚਾ ਖੋਲਣ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ-ਵੱਡੇ ਦਾਅਵੇ ਕੀਤੇ ਸਨ ਕੀ ਹਰ ਵਰਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ। ਟਰਾਂਸਪੋਰਟ ਮੰਤਰੀ ਪੰਜਾਬ ਤੱਕ ਪਨਬੱਸ ਪੀਆਰਟੀਸੀ ਕੱਚੇ ਮੁਲਾਜ਼ਮਾਂ ਦੇ ਧਰਨਿਆਂ ਤੇ ਬੋਲ ਕੇ ਕਹਿੰਦੇ ਰਹੇ ਕਿ ਵਿਭਾਗ ਵੱਲੋਂ ਹੁੰਦੀ ਲੁੱਟ ਬੰਦ ਕਰਾਂਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨੂੰ ਜਲਦੀ ਪੂਰਾ ਨਹੀਂ ਕੀਤਾ ਗਿਆ ਤਾਂ ਉਹ ਪੂਰੇ ਪੰਜਾਬ ਵਿੱਚ ਚੱਕਾ ਜਾਮ ਅੰਦੋਲਨ ਕਰਨਗੇ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਵੇਗੀ। ਮੁਲਾਜ਼ਮਾਂ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਕਈ ਵਾਰ ਗੱਲਬਾਤ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਖੁਦ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ, ਪਰ ਹੁਣ ਤੱਕ ਕੁਝ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਮੁਲਾਜ਼ਮਾਂ ਦੇ ਮਸਲੇ ਹੱਲ ਕਰਾਂਗੇ ਪਰ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਵਿਧਾਨ ਸਭਾ ਵਿੱਚ ਬਿਆਨ ਦਿੱਤਾ ਕਿ ਠੇਕੇਦਾਰ ਬਾਹਰ ਕੱਢਾਂਗੇ। ਆਊਟ ਸੋਰਸ ਭਰਤੀ ਬੰਦ ਕਰਾਂਗੇ ਪਰ ਪਨਬਸ ਪੀਆਰਟੀਸੀ ਵਿੱਚ ਆਊਟ ਸੋਰਸ ਭਰਤੀ ਵੀ ਕੀਤੀ ਗਈ ਅਤੇ ਪਨਬਸ ਵਿੱਚ ਠੇਕੇਦਾਰ ਤਿੰਨ ਕਰ ਦਿੱਤੇ। ਠੇਕੇਦਾਰ ਵੱਲੋਂ ਕਰੋੜਾਂ ਰੁਪਏ ਦੀ EPF, ESI ਅਤੇ ਸਕਿਊਰਟੀਆ ਦੀ ਲੁੱਟ ਕੀਤੀ ਗਈ ਰਿਸ਼ਵਤ ਲੈ ਕੇ ਭਰਤੀ ਕੀਤੀ ਗਈ। ਜਿਸ ਦੇ ਸਬੂਤ ਆਡਿਓ\ਵੀਡਿਓ ਰਿਕਾਰਡਿੰਗ ਸਮੇਤ ਸਰਕਾਰ ਨੂੰ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ।
ਪ੍ਰਸ਼ਾਸਨ ਨਹੀਂ ਚੁੱਕ ਰਿਹਾ ਕੋਈ ਕਦਮ
ਅਜਿਹੇ ਲੋਕਾਂ ਉੱਪਰ ਅਧਿਕਾਰੀ ਜਾਂ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੇ। ਦੂਜੇ ਪਾਸੇ ਨਿੱਤ ਨਵਾਂ ਠੇਕੇਦਾਰ ਲਿਆਉਣ ਦੀ ਤਿਆਰੀ ਹੈ। ਮੁੱਖ ਮੰਤਰੀ ਪੰਜਾਬ ਵਲੋਂ ਟਰਾਂਸਪੋਰਟ ਮਾਫੀਆ ਖ਼ਤਮ ਕਰਨ ਦੇ ਬਿਆਨ ਸੀ ਪਰ ਪੰਜਾਬ ਅੰਦਰ ਟਰਾਂਸਪੋਰਟ ਮਾਫੀਆ ਧੜੱਲੇ ਨਾਲ ਚੱਲ ਰਿਹਾ ਹੈ ਹੁਣ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ, ਵੱਡੇ ਲੀਡਰਾਂ ਦੀਆਂ ਬੱਸਾਂ ਨੂੰ ਕਿਲੋਮੀਟਰ ਸਕੀਮ, ਬੱਸਾਂ ਤਹਿਤ ਸਰਕਾਰੀ ਪਰਿਮਟਾਂ ਤੇ ਚਲਾਉਣ ਲਈ ਟੈਂਡਰ ਲਗਾਏ ਜਾ ਰਹੇ ਹਨ। ਜਿਸ ਵਿੱਚ ਇੱਕ ਬੱਸ 6 ਸਾਲਾਂ ਵਿੱਚ 1 ਕਰੋੜ 50 ਲੱਖ ਤੋਂ ਵੱਧ ਰੁਪਏ ਲੈ ਜਾਂਦੀ ਹੈ, ਉਸ ਤੋਂ ਬਾਅਦ ਬੱਸ ਮਾਲਕ ਦੀ ਹੁੰਦੀ ਹੈ ਦੂਸਰੇ ਪਾਸੇ ਜੇਕਰ ਸਰਕਾਰੀ ਬੱਸਾਂ ਪਾਈਆਂ ਜਾਣ ਤਾਂ 33-34 ਲੱਖ ਵਿੱਚ ਬੱਸ ਆਉਂਦੀ ਹੈ ਅਤੇ 15 ਸਾਲ ਵਿਭਾਗ ਵਿੱਚ ਚੱਲਦੀ ਹੈ ਇਸ ਤੋਂ ਸਪੱਸ਼ਟ ਹੈ ਕਿ ਟਰਾਂਸਪੋਰਟ ਵਿਭਾਗ ਨੂੰ ਲੁੱਟਣ ਲਈ ‘ਆਪ’ ਸਰਕਾਰ ਵਲੋਂ ਵੱਡੇ ਪੱਧਰ ‘ਤੇ ਤਿਆਰੀ ਕੀਤੀ ਜਾ ਰਹੀ ਹੈ। ਜਿਸ ਦਾ ਯੂਨੀਅਨ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਇਹ ਹਨ ਮੁੱਖ ਮੰਗਾਂ…
– ਕਿਲੋਮੀਟਰ ਸਕੀਮ ਤਹਿਤ ਚੱਲ ਰਹੀਆਂ ਬੱਸਾਂ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
– ਨਵੇਂ ਕੰਟਰੈਕਟ ਵਰਕਰਾਂ ਦੀ ਭਰਤੀ ਬੰਦ ਕੀਤੀ ਜਾਣੀ ਚਾਹੀਦੀ ਹੈ।
– ਪੁਰਾਣੇ ਕੰਟਰੈਕਟ ਵਰਕਰਾਂ ਨੂੰ ਪੱਕਾ ਕੀਤਾ ਜਾਣਾ ਚਾਹੀਦਾ ਹੈ।
– ਮੁਲਾਜ਼ਮਾਂ ਨੇ ਕਿਹਾ ਕਿ ਹੁਣ ਉਹ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਆਰ-ਪਾਰ ਦੀ ਲੜਾਈ ਲੜਨ ਦਾ ਸਮਾਂ ਆ ਗਿਆ ਹੈ।

Posted inਫਿਰੋਜ਼ਪੁਰ
