ਬਰਨਾਲਾ, 29 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਰਾਜ ਵਿਜੀਲੈਂਸ ਬਿਊਰੋ ਦੀ ਬਰਨਾਲਾ ਯੂਨਿਟ ਨੇ ਬੀਡੀਪੀਓ ਦਫ਼ਤਰ ਬਰਨਾਲਾ ਵਿਖੇ ਤਾਇਨਾਤ ਇੱਕ ਮਗਨਰੇਗਾ ਸੈਕਟਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਯੂਨਿਟ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਐਂਟੀ ਕੁਰੱਪਸ਼ਨ ਪੋਰਟਲ ‘ਤੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੀ ਪੜ੍ਹਤਾਲ ਦੌਰਾਨ ਬੀਡੀਪੀਓ ਦਫਤਰ ਬਰਨਾਲਾ ‘ਚ ਤਾਇਨਾਤ ਮਗਨਰੇਗਾ ਸੈਕਟਰੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਕੱਢੇ ਮਕਾਨ ਪੱਕੇ ਕਰਨ ਸਬੰਧੀ ਦਿੱਤੀ ਜਾਂਦੀ ਗ੍ਰਾਂਟ ਵਿੱਚੋਂ ਉਕਤ ਗੁਰਪ੍ਰੀਤ ਸਿੰਘ ਪ੍ਰਤੀ ਕਿਸ਼ਤ 5000 ਰੁਪਏ ਮੰਗ ਰਿਹਾ ਸੀ ਅਤੇ 5000 ਰੁਪਏ ਲੈ ਵੀ ਚੁੱਕਿਆ ਸੀ। ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੀ ਇਸ ਸ਼ਿਕਾਇਤ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਗਈ ਅਤੇ ਪੜ੍ਹਤਾਲ ਤੋਂ ਬਾਅਦ ਮਗਨਰੇਗਾ ਸੈਕਟਰੀ ਗੁਰਪ੍ਰੀਤ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Posted inਬਰਨਾਲਾ