ਮਹਿਲ ਕਲਾਂ, 29 ਜੁਲਾਈ (ਰਵਿੰਦਰ ਸ਼ਰਮਾ) : ਪਿੰਡ ਭੱਦਲਵੱਢ ਤੋਂ ਵਾਇਆ ਹਮੀਦੀ, ਠੁੱਲੀਵਾਲ, ਮਾਂਗੇਵਾਲ ਅਤੇ ਮਨਾਲ ਰਾਹੀਂ ਚੀਮਾ-ਚਹਾਣੇ ਨੂੰ ਜੋੜਨ ਵਾਲੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀ 18 ਫੁੱਟੀ ਸੜਕ ਦੀ ਖਸਤਾ ਹਾਲਤ ਖ਼ਿਲਾਫ਼ ਅੱਜ ਪਿੰਡ ਠੁੱਲੀਵਾਲ ਵਿਖੇ ਲੋਕਾਂ ਵੱਲੋਂ ਜ਼ੋਰਦਾਰ ਰੋਸ ਪ੍ਰਗਟਾਇਆ ਗਿਆ। ਸੜਕ ਵਿਚ ਡੂੰਘੇ ਟੋਏ, ਟੁੱਟੀ ਹੋਈ ਬਣਤਰ ਅਤੇ ਬਰਸਾਤ ਸਮੇਂ ਪਾਣੀ ਇਕੱਠਾ ਹੋਣ ਕਾਰਨ ਆਮ ਲੋਕਾਂ ਅਤੇ ਵਾਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸਮਾਜ ਸੇਵੀ ਨੰਬਰਦਾਰ ਡਾ. ਸੁਖਵਿੰਦਰ ਸਿੰਘ ਠੁੱਲੀਵਾਲ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਸਰਕਾਰ ਅਤੇ ਪਬਲਿਕ ਵਰਕਸ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸੜਕ ਦਾ ਤੁਰੰਤ ਨਵੇਂ ਸਿਰੇ ਤੋਂ ਨਿਰਮਾਣ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਸਮਾਜ ਸੇਵੀ ਡਾ. ਨੰਬਰਦਾਰ ਸੁਖਵਿੰਦਰ ਸਿੰਘ ਠੁੱਲੀਵਾਲ, ਨੰਬਰਦਾਰ ਕਰਮਜੀਤ ਸਿੰਘ, ਨੰਬਰਦਾਰ ਮੋਹਨ ਸਿੰਘ, ਜਥੇਦਾਰ ਸੁਖਵਿੰਦਰ ਸਿੰਘ ਭੋਲਾ, ਤਾਰਾ ਸਿੰਘ ਬਾਠ, ਹਾਕਮ ਸਿੰਘ, ਸੰਦੀਪ ਸਿੰਘ ਧਾਲੀਵਾਲ, ਗੁਰਜੀਤ ਸਿੰਘ, ਕੁਲਵਿੰਦਰ ਸਿੰਘ ਗ੍ਰੰਥੀ, ਸ਼ੇਰ ਸਿੰਘ, ਗੁਰਜੀਤ ਸਿੰਘ ਅਤੇ ਰਣਦੀਪ ਸਿੰਘ ਨੇ ਦੱਸਿਆ ਕਿ ਪਿੰਡ ਠੁੱਲੀਵਾਲ ਵਿਖੇ ਗੁਰਦੁਆਰਾ ਸਾਹਿਬ, ਮਸਜਿਦ, ਅਨਾਜ ਮੰਡੀ ਅਤੇ ਨਜ਼ਦੀਕੀ ਹਸਪਤਾਲਾਂ ਹਨ, ਜਿੱਥੇ ਦਿਨ ਚੜਦਿਆਂ ਹੀ ਆਉਣ ਜਾਣ ਕਰਨ ਵਾਲੇ ਲੋਕ ਬਹੁਤ ਹੀ ਮੁਸ਼ਕਿਲ ਵਿੱਚ ਹਨ।ਉਹਨਾਂ ਕਿਹਾ ਕਿ ਪਿੰਡ ਠੁੱਲੀਵਾਲ ਦੀ ਅਨਾਜ ਮੰਡੀ ਦੇ ਸਾਹਮਣੇ ਸੜਕ ਦਾ ਨੀਵੀਂ ਹੋਣਾ ਅਤੇ ਬਰਸਾਤ ਵਿੱਚ ਪਾਣੀ ਭਰਨ ਕਾਰਨ ਝੀਲ ਵਰਗਾ ਦ੍ਰਿਸ਼ ਬਣ ਜਾਂਦਾ ਹੈ। ਇੱਥੇ ਹਾਦਸਿਆਂ ਦਾ ਵੀ ਡਰ ਬਣਿਆ ਰਹਿੰਦਾ ਹੈ। ਇਸ ਸੜਕ ਦੀ ਖਸਤਾ ਹਾਲਤ ਤੋਂ ਪਿਛਲੇ ਦੱਸ ਸਾਲਾਂ ਦੌਰਾਨ ਕਈ ਵਾਰੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ.ਪਰ ਕਿਸੇ ਵੀ ਆਗੂ ਅਧਿਕਾਰੀ ਨੇ ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਕੋਈ ਧਿਆਨ ਨਹੀਂ ਦਿੱਤਾ। ਆਖ਼ਰ ’ਚ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸੜਕ ਦਾ ਨਵੇਂ ਸਿਰੇ ਨਿਰਮਾਣ ਤੁਰੰਤ ਸ਼ੁਰੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਉਧਰ ਦੂਜੇ ਪਾਸੇ ਮਹਿਕਮੇ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਉਹਨਾਂ ਨੇ ਕਿਹਾ ਕਿ ਪਿੰਡ ਭੱਦਲਵੱੜ ਤੋਂ ਠੁੱਲੀਵਾਲ ਤੱਕ 18 ਫੁੱਟੀ ਸੜਕ ਦਾ ਟੈਂਡਰ ਲੱਗ ਚੁੱਕਿਆ ਹੈ। ਜਿਸ ਨੂੰ ਛੇਤੀ ਹੀ ਬਣਾਇਆ ਜਾਵੇਗਾ ਉਨਾ ਕਿਹਾ ਕਿ ਠੁੱਲੀਵਾਲ ਤੋਂ ਵਾਇਆ ਮਾਂਗੇਵਾਲ ਮਨਾਲ ਤੱਕ ਸੜਕ ਦੀ ਮੁਰੰਮਤ ਦਾ ਕੰਮ ਅਗਲੇ ਸਾਲ ਕਰਵਾਇਆ ਜਾਵੇਗਾ।

Posted inਬਰਨਾਲਾ