ਐਮ ਐਲ ਏ ਕੁਲਦੀਪ ਸਿੰਘ ਕਾਲਾ ਢਿੱਲੋ ਦੀ ਪੋਸਟ ਨੇ ਮਚਾਈ ਤਰਥੱਲੀ
ਜ਼ਮੀਨ ਵਿੱਚੋ ਥੋੜੀ ਜਮੀਨ ਟਾਵਰ ਲਗਾਉਣ ਲਈ 16 ਹਜ਼ਾਰ ਰੁਪਏ ਮਹੀਨਾ ਕਿਰਾਏ ਤੇ ਦਿੱਤੀ ਹੈ ਕਿਸੇ ਨੂੰ ਹੋਰ ਕੋਈ ਜ਼ਮੀਨ ਨਹੀ ਦਿੱਤੀ ਗਈ : ਪ੍ਰਧਾਨ ਸਿੱਧੂ
ਬਰਨਾਲਾ, 29 ਜੁਲਾਈ (ਰਵਿੰਦਰ ਸ਼ਰਮਾ) : ਟਰੱਕ ਯੂਨੀਅਨ ਬਰਨਾਲਾ ਦੇ ਮੌਜੂਦਾ ਪ੍ਰਧਾਨ ਉਪਰ ਯੂਨੀਅਨ ਦੀ ਕਰੋੜਾਂ ਰੁਪਏ ਦੀ ਜਮੀਨ ਨੂੰ ਕੌਡੀਆਂ ਦੇ ਰੇਟ ਆਪਣੇ ਕਿਸੇ ਚਹੇਤਿਆਂ ਨੂੰ ਲੀਜ ਉਪਰ ਦੇਣ ਦੇ ਦੋਸ਼ ਲੱਗੇ ਹਣ। ਬਰਨਾਲਾ ਦੇ ਆਈ ਟੀ ਆਈ ਚੌਕ ਰਾਏਕੋਟ ਰੋਡ ਤੇ ਬਣੀ ਓਸਵਾਲ ਟਾਊਨਸ਼ਿਪ ਦੇ ਬਿਲਕੁਲ ਸਾਹਮਣੇ ਟਰੱਕ ਯੂਨੀਅਨ ਬਰਨਾਲਾ ਦੀ ਇੱਕ ਜਗਾਂ ਹੈ ਜਿਸ ਉਤੇ ਟਰੱਕ ਯੂਨੀਅਨ ਦਾ ਧਰਮਕੰਡਾ ਲੱਗਿਆ ਹੋਇਆ ਹੈ। ਬੀਤੇ ਕੁਝ ਦਿਨ ਪਹਿਲਾ ਇਸ ਮਾਮਲੇ ਸਬੰਧੀ ਵੱਡੀ ਗਿਣਤੀ ਵਿੱਚ ਟਰੱਕ ਅਪ੍ਰੇਟਰਾ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਸੀ ਕਿ ਯੂਨੀਅਨ ਤੇ ਕਾਬਜ ਧਿਰ ਵੱਲੋ ਇਹ ਜਗਾ ਆਪਣੇ ਕਿਸੇ ਚਹੇਤਿਆਂ ਨੂੰ ਵੇਚਣ ਦੀਆ ਤਿਆਰੀਆ ਕੀਤੀਆ ਜਾ ਰਹੀਆ ਹਨ। ਇਸ ਜਮੀਨ ਨੂੰ ਬਚਾਉਣ ਵਾਲੀ ਧਿਰ ਵੱਲੋ ਜਿੱਥੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਦਿੱਤਾ ਗਿਆ ਸੀ ਉੱਥੇ ਹੀ ਇਸ ਧਿਰ ਵੱਲੋ ਕੁਝ ਦਸਤਾਵੇਜ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੇ ਗਏ ਹਨ ਜਿਨਾ ਤੋ ਇਹ ਵੀ ਸਿੱਧੇ ਤੌਰ ਤੇ ਸਪੱਸ਼ਟ ਹੁੰਦਾ ਜਾਪ ਰਿਹਾ ਹੈ ਕਿ ਮਿਤੀ 14-6-25 ਨੂੰ ਟਰੱਕ ਯੂਨੀਅਨ ਦੀ ਇਹ ਕਰੋੜਾਂ ਰੁਪਏ ਦੀ ਜਗਾ ਸਿਰਫ ਤੇ ਸਿਰਫ 6500 ਰੁਪਏ ਸਲਾਨਾ ਲੀਜ ਤੇ ਮਨਜੀਤ ਕੌਰ ਪਤਨੀ ਇੰਦਰਜੀਤ ਸਿੰਘ ਨੂੰ 20 ਸਾਲ ਲਈ ਪਟਾਨਾਮਾ ਦੇ ਦਿੱਤਾ ਗਿਆ ਹੈ।

ਇਸ ਸਬੰਧੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਆਪਣੇ ਆਫੀਸੀਅਲ ਪੇਜ ‘ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਨਾ ਵੱਲੋ ਲਿਖਿਆ ਗਿਆ ਹੈ ਕਿ ਬਰਨਾਲਾ ਟਰੱਕ ਯੂਨੀਅਨ ‘ਤੇ ਕਾਬਜ ਹੋਏ ਲੋਕਾਂ ਵੱਲੋ ਆਪਣੇ ਨਿੱਜੀ ਮੁਫਾਦਾ ਲਈ ਬਰਨਾਲਾ ਟਰੱਕ ਓਪਰੇਟਰਾ ਵੱਲੋ ਪਾਈ-ਪਾਈ ਜੋੜ ਕੇ ਖਰੀਦੀ ਗਈ ਅੱਧਾ ਕਿੱਲਾ ਕਮਰਸ਼ੀਅਲ ਜ਼ਮੀਨ ਜਿੱਥੇ ਅੱਜ ਵੀ ਕੰਡਾ ਲੱਗਿਆ ਹੋਇਆ ਹੈ ਅਤੇ ਪਾਰਕਿੰਗ ਬਣੀ ਹੋਈ ਹੈ ਉਹ ਕੌਡੀਆਂ ਦੇ ਰੇਟ ਸਿਰਫ 6500 ਸਲਾਨਾ ‘ਤੇ ਲੀਜ ‘ਤੇ ਆਪਣੇ ਚਹੇਤੇ ਲੋਕਾਂ ਨੂੰ ਦਿੱਤੀ ਗਈ। ਉਨਾ ਇਹ ਵੀ ਲਿਖਿਆ ਕਿ ਜਦਕਿ ਆਮ ਤੌਰ ‘ਤੇ ਸਾਡੀ ਪਿੰਡਾ ਵਿਚ ਖੇਤੀਬਾੜੀ ਵਾਲੀ ਜ਼ਮੀਨ ਦਾ ਵੀ ਕਿਰਾਇਆ 80 ਹਜਾਰ ਪ੍ਰਤੀ ਏਕੜ ਸਲਾਨਾ ਹੁੰਦਾ ਹੈ। ਵਿਧਾਇਕ ਢਿੱਲੋ ਨੇ ਲਿਖਿਆ ਕਿ ਇਹ ਜਮੀਨ ਟਰੱਕ ਮਾਲਕਾਂ ਦੀ ਮਿਹਨਤ ਨਾਲ ਬਣਾਈ ਗਈ ਹੈ ਕਿਸੇ ਦੇ ਪਿਓ ਦਾਦੇ ਦੀ ਜਾਗੀਰ ਨਹੀ ਹੈ ਜੋ ਇਸ ਤਰਾ ਕਰਕੇ ਆਪਣੇ ਲੋਕਾਂ ਦੇ ਲਈ ਦਿੱਤੀ ਜਾਵੇ। ਉਨਾ ਅੱਗੇ ਲਿਖਦਿਆ ਸਮੂਹ ਟਰੱਕ ਅਪ੍ਰੇਟਰ ਭਰਾਵਾ ਨੂੰ ਮੈ ਵਿਸਵਾਸ਼ ਦਿਵਾਉਂਦਾ ਹਾ ਉਹਨਾ ਦੀ ਮਿਹਨਤ ਦੀ ਕਮਾਈ ਨਾਲ ਬਣੀ ਜ਼ਮੀਨ ਇੱਕ ਇੰਚ ਤੇ ਵੀ ਕਿਸੇ ਨੂੰ ਕਾਬਜ ਨਹੀ ਹੋਣ ਦੇਵਾਂਗਾ ਭਾਵੇ ਉਸ ਲਈ ਮੈਨੂੰ ਕਿੰਨਾ ਵੀ ਸੰਘਰਸ਼ ਕਰਨਾ ਪਵੇ ਮੈ ਹਰ ਸੰਘਰਸ਼ ਲਈ ਤਿਆਰ ਹਾ। ਟਰੱਕ ਯੂਨੀਅਨ ਦੀ ਜ਼ਮੀਨ ਸਬੰਧੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਵੱਲੋ ਪਾਈ ਪੋਸਟ ਤੋ ਬਾਅਦ ਇਹ ਮਾਮਲਾ ਪੂਰੀ ਤਰਾ ਭੱਖ ਗਿਆ ਹੈ। ਬਰਨਾਲਾ ਟਰੱਕ ਯੂਨੀਅਨ ਦੇ ਪ੍ਰਧਾਨ ਇਸ ਵੇਲੇ ਹਰਦੀਪ ਸਿੰਘ ਸਿੱਧੂ ਹਨ ਜੋ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਕਾਫੀ ਨੇੜਲੇ ਆਗੂ ਵੀ ਮੰਨੇ ਜਾਦੇ ਹਨ। ਜਦੋ ਵਾਇਰਲ ਹੋ ਰਹੇ ਦਸਤਾਵੇਜ਼ਾ ਅਤੇ ਵਿਧਾਇਕ ਕਾਲਾ ਢਿੱਲੋ ਦੀ ਪੋਸਟ ਸਬੰਧੀ ਟਰੱਕ ਯੂਨੀਅਨ ਪ੍ਰਧਾਨ ਹਰਦੀਪ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾ ਉਹਨਾ ਕਿਹਾ ਕਿ ਯੂਨੀਅਨ ਦੀ ਉਕਤ ਜਗਾ ਵਿੱਚੋ ਥੋੜੀ ਜਿਹੀ ਜਗ੍ਹਾ ਟਾਵਰ ਲਗਾਉਣ ਲਈ 16 ਹਜ਼ਾਰ ਪ੍ਰਤੀ ਮਹੀਨਾ ਕਿਰਾਏ ‘ਤੇ ਦਿੱਤੀ ਗਈ ਹੈ। ਇਸ ਤੋ ਇਲਾਵਾ ਕਿਸੇ ਨੂੰ ਕੋਈ ਜਗਾ ਨਹੀ ਦਿੱਤੀ ਗਈ।