ਬਰਨਾਲਾ, 30 ਜੁਲਾਈ (ਰਵਿੰਦਰ ਸ਼ਰਮਾ) : ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਓਵਰਫਲੋ ਦੀ ਗੰਦਗੀ ਵਿੱਚ ਰਹਿ ਰਹੇ ਸ਼ਕਤੀ ਨਗਰ ਗਲੀ ਨੰਬਰ ਇੱਕ ਦੇ ਨਿਵਾਸੀਆਂ ਨੂੰ ਅਜੇ ਕੋਈ ਰਾਹਤ ਦੀ ਉਮੀਦ ਨਜ਼ਰ ਨਹੀਂ ਆ ਰਹੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ 4-5 ਮਹੀਨਿਆਂ ਤੋਂ ਇੱਥੇ ਇੱਕ ਸੀਵਰੇਜ਼ ਓਵਰਫਲੋ ਹੋਣ ਕਾਰਨ ਗੰਦਾ ਪਾਣੀ ਸੜਕ ’ਤੇ ਫੈਲ ਰਿਹਾ ਹੈ। ਸੀਵਰੇਜ ਓਵਰਫਲੋ ਦੇ ਕਾਰਨ ਸੜਕ ਦੇ ਇੱਕ ਪਾਸੇ ਛੋਟਾ ਤਲਾਬ ਬਣ ਚੁੱਕਾ ਹੈ, ਜਿਸ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ ਅਤੇ ਮੱਛਰਾਂ ਨੇ ਡੇਰਾ ਲਗਾ ਲਿਆ ਹੈ। ਇਸ ਭਿਆਨਕ ਬਦਬੂ ਕਾਰਨ ਮੁਹੱਲਾ ਨਿਵਾਸੀਆਂ ਦਾ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ ਤੇ ਬਿਮਾਰੀਆਂ ਫ਼ੈਲਣ ਦਾ ਡਰ ਸਤਾ ਰਿਹਾ ਹੈ। ਅਸੀਂ ਇਸ ਸਬੰਧੀ ਸੀਵਰੇਜ ਬੋਰਡ ਦੇ ਅਧਿਕਾਰੀ ਸੁਰਿੰਦਰ ਕੁਮਾਰ, ਐੱਸਡੀਓ ਪਰਮਿੰਦਰ ਸਿੰਘ ਅਤੇ ਐਕਸੀਅਨ ਰਾਹੁਲ ਕੌਸ਼ਲ ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਾਂ ਪਰ ਉਹ ਹਰ ਵਾਰ ਦੋ ਚਾਰ ਦਿਨਾਂ ਵਿੱਚ ਠੀਕ ਕਰ ਦੇਣ ਦਾ ਲਾਰਾ ਲਗਾ ਦਿੰਦੇ ਹਨ।
ਉਨ੍ਹਾਂ ਦੇ ਲਾਰਿਆਂ ਤੋਂ ਮਜਬੂਰ ਹੋ ਕੇ ਮੀਡੀਆ ਦੀ ਮਦਦ ਰਾਹੀਂ ਉੱਚ ਪ੍ਰਸ਼ਾਸਨ ਨੂੰ ਇਸ ਸਬੰਧੀ ਦਖਲ ਦੇਣ ਲਈ 13-15 ਜੁਲਾਈ ਨੂੰ ਕਈ ਅਖਬਾਰਾਂ ਵਿੱਚ ਅਤੇ ਵੈੱਬ ਚੈਨਲਾਂ ਰਾਹੀਂ ਖਬਰਾਂ ਪ੍ਰਕਾਸ਼ਿਤ ਕਰਵਾਈਆਂ ਗਈਆਂ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਟੀ.ਬੈਨਿਥ ਅਤੇ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਅਨੁਪ੍ਰੀਤਾ ਜੌਹਲ ਦੇ ਦਖਲ ਤੋਂ ਬਾਅਦ ਐਕਸੀਅਨ ਰਾਹੁਲ ਕੌਸ਼ਲ ਵਲੋਂ ਦੋ-ਤਿੰਨ ਵਾਰ ਵਿਅਕਤੀ ਭੇਜ ਕੇ ਸੀਵਰੇਜ ਪਾਈਪ ਨੂੰ ਖਾਲੀ ਕਰਵਾਇਆ ਪਰ ਉਹਨਾਂ ਦੇ ਜਾਨ ਤੋਂ ਕੁਝ ਹੀ ਘੰਟਿਆਂ ਬਾਅਦ ਫਿਰ ਤੋਂ ਓਵਰਫਲੋ ਦੀ ਸਮੱਸਿਆ ਪੈਦਾ ਹੋ ਗਈ ਕਿਉਂਕਿ ਪਾਈਪ ਖਾਲੀ ਕਰਨਾ ਇਸਦਾ ਕੋਈ ਪੱਕਾ ਇੰਤਜ਼ਾਮ ਨਹੀਂ ਹੈ। ਰਾਕੇਸ਼ ਕੁਮਾਰ ਨੇ ਕਿਹਾ ਕਿ ਸੀਵਰੇਜ ਬੋਰਡ ਦੇ ਐੱਸ.ਡੀ.ਓ. ਤੇ ਐਕਸੀਅਨ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂੰ ਹਨ ਕੀ ਇਸ ਸਮੱਸਿਆ ਦਾ ਹੱਲ ਸਿਰਫ਼ ਸੀਵਰੇਜ ਪਾਈਪ ਬਦਲ ਕੇ ਹੀ ਕੀਤਾ ਜਾ ਸਕਦਾ ਹੈ, ਜਿਸ ਸਬੰਧੀ ਉਹ ਪਿਛਲੇ ਕਈ ਮਹੀਨਿਆਂ ਤੋਂ ਲਾਰੇ ਲਗਾ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਸਿੱਧਾ ਦਖਲ ਦੇਣ ਦੇ ਬਾਵਜੂਦ ਵੀ ਅਜੇ ਤੱਕ ਸੀਵਰੇਜ ਓਵਰਫਲੋ ਦਾ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤਾ ਗਿਆ । ਉਨ੍ਹਾਂ ਕਿਹਾ ਕਿ ਜੇਕਰ ਸੀਵਰੇਜ ਬੋਰਡ ਦੇ ਅਧਿਕਾਰੀ ਜ਼ਿਲੇ ਦੇ ਸਭ ਤੋਂ ਉੱਚ ਅਧਿਕਾਰੀ ਦੀ ਗੱਲ ਨੂੰ ਹੀ ਅਣਸੁਣੀ ਕਰ ਰਹੇ ਹਨ ਤਾਂ ਆਮ ਜਨਤਾ ਕਿਸ ਕੋਲ ਆਪਣੀ ਪਰੇਸ਼ਾਨੀ ਲੈ ਕੇ ਜਾਵੇਗੀ।
ਇਸ ਮੌਕੇ ਲਲਿਤ ਖੁਰਾਨਾ, ਪ੍ਰੀਤਮਹਿੰਦਰ ਪਾਲ, ਐਡਵੋਕੇਟ ਵਿਕਰਮਜੀਤ ਸਿੰਘ, ਐਡਵੋਕੇਟ ਰਾਧੇ ਸ਼ਾਮ ਅਰੋੜਾ, ਸਨੇਹ ਲਤਾ, ਨੀਰੂ ਜੇਠੀ, ਡਾਕਟਰ ਜਸਵਿੰਦਰ ਸਿੰਘ, ਜਸਪ੍ਰੀਤ ਕੌਰ, ਗੁਰਜੰਟ ਕੌਰ, ਸ਼ਿਵ ਕੁਮਾਰ, ਰੀਟਾ ਰਾਣੀ, ਅਲੋਕ ਕੁਮਾਰ ਤੇ ਹੋਰ ਮੁਹੱਲਾ ਨਿਵਾਸੀ ਵੀ ਹਾਜ਼ਰ ਸਨ।
ਜਦੋਂ ਇਸ ਮਸਲੇ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ.ਬੈਨਿਥ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਮੇਰੇ ਧਿਆਨ ’ਚ ਹੈ। ਮੈਂ ਹੁਣੈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਤਾੜਨਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਏ.ਡੀ.ਸੀ. ਬਰਨਾਲਾ ਦੀ ਡਿਊਟੀ ਲਗਾਕੇ ਇਸ ਸਮੱਸਿਆ ਦਾ ਜਲਦੀ ਹੱਲ ਕਰਵਾਇਆ ਜਾ ਰਿਹਾ ਹੈ।
ਜਦੋਂ ਇਸ ਸਬੰਧੀ ਏ.ਡੀ.ਸੀ. ਬਰਨਾਲਾ ਮੈਡਮ ਅਨੁਪ੍ਰੀਤਾ ਜੌਹਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਹੁਣੈ ਇਸ ਸਬੰਧੀ ਗੱਲਬਾਤ ਕਰਦੇ ਹਨ ਤੇ ਜਲਦੀ ਹੀ ਮੁਸ਼ਕਿਲ ਦਾ ਹੱਲ ਕਰ ਦਿੱਤਾ ਜਾਵੇਗਾ।

Posted inਬਰਨਾਲਾ