– 5 ਮਹੀਨਿਆਂ ਦੌਰਾਨ ਐਨ ਡੀ ਪੀ ਐਸ ਐਕਟ ਤਹਿਤ 211 ਕੇਸ ਦਰਜ, 355 ਮੁਲਜ਼ਮ ਗ੍ਰਿਫਤਾਰ
ਬਰਨਾਲਾ, 1 ਅਗਸਤ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਵਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਸੜਕ ਸੁਰੱਖਿਆ ਬਾਰੇ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਉਨ੍ਹਾਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਾਗਰੂਕਤਾ ਗਤੀਵਿਧੀਆਂ ਅਤੇ ਚੈਕਿੰਗ ਮੁਹਿੰਮ ਦਾ ਜਾਇਜ਼ਾ ਲਿਆ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜੁਲਾਈ ਮਹੀਨੇ ਵਿੱਚ 49 ਸਕੂਲੀ ਵੈਨਾਂ ਦੇ ਚਲਾਨ ਕੱਟੇ ਗਏ।
ਓਨ੍ਹਾਂ ਦੱਸਿਆ ਕਿ ਇਸ ਪਾਲਿਸੀ ਦੀਆਂ ਹਦਾਇਤਾਂ ਅਨੁਸਾਰ ਹਰ ਸਕੂਲੀ ਵੈਨ ਵਿਚ ਸੀ.ਸੀ.ਟੀ.ਵੀ ਕੈਮਰਾ, ਖਿੜਕੀ ‘ਤੇ ਲੋਹੇ ਦੀ ਗਰਿੱਲ, ਫਸਟ ਏਡ ਬਾਕਸ, ਲੇਡੀ ਕੰਡਕਟਰ, ਅੱਗ ਬੁਝਾਊ ਯੰਤਰ, ਲਾਇਸੈਂਸ ਆਦਿ ਬਾਰੇ ਚੈਕਿੰਗ ਕੀਤੀ ਜਾਂਦੀ ਹੈ ਅਤੇ ਜਾਗਰੂਕਤਾ ਸੈਮੀਨਾਰ ਵੀ ਕਰਵਾਏ ਜਾਂਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਐਨਕਾਰਡ (ਨੈਸ਼ਨਲ ਨਾਰਕੋਟਿਕਸ ਕੋਆਰਡੀਨੇਸ਼ਨ ਪੋਰਟਲ) ਦੀ ਮੀਟਿੰਗ ਵੀ ਕੀਤੀ ਗਈ।
ਇਸ ਮੌਕੇ ਡੀ ਐੱਸ ਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਦੀ ਅਗਵਾਈ ਹੇਠ ਪਹਿਲੀ ਮਾਰਚ ਤੋਂ 28 ਜੁਲਾਈ 2025 ਤੱਕ ਨਸ਼ਾ ਸਪਲਾਈ ਕਰਨ ਦੇ ਮਾਮਲੇ ਵਿਚ 62 ਮੁਲਜ਼ਮ, ਨਸ਼ਾ ਤਸਕਰੀ ਦੇ ਮਾਮਲੇ ਵਿਚ 114 ਮੁਲਜ਼ਮ ਅਤੇ ਇਸ ਸਬੰਧ ਵਿਚ ਹੋਰ 273 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਓਨ੍ਹਾਂ ਦੱਸਿਆ ਕਿ ਕੁੱਲ 119 ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ ਐਨ ਡੀ ਪੀ ਐਸ ਐਕਟ ਤਹਿਤ ਉਪਰੋਕਤ ਸਮੇਂ ਦੌਰਾਨ 211 ਕੇਸ ਦਰਜ ਕੀਤੇ ਗਏ ਅਤੇ 355 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ 1 ਕਿਲੋ 100 ਗ੍ਰਾਮ ਹੈਰੋਇਨ, 450 ਗ੍ਰਾਮ ਅਫੀਮ, 20 ਕੁਇੰਟਲ 71 ਕਿਲੋ ਪੋਸਤ, 45,524 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ, 1,69,700 ਦੀ ਡਰੱਗ ਮਨੀ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਇਸ ਮੌਕੇ ਡਰੱਗ ਕੰਟਰੋਲ ਅਫ਼ਸਰ ਨੇ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ 25 ਇੰਸਪੈਕਸ਼ਨਾਂ ਕੀਤੀਆਂ ਗਈਆਂ ਅਤੇ 6 ਦਵਾਈਆਂ ਦੇ ਸੈਂਪਲ ਲਏ ਗਏ। 9 ਤਰ੍ਹਾਂ ਦੀਆਂ ਦਵਾਈਆਂ ਸੀਜ਼ ਕੀਤੀਆਂ ਗਈਆਂ ਅਤੇ 10 ਫਰਮਾਂ ਦੇ ਲਾਇਸੈਂਸ ਵੱਖ ਵੱਖ ਸਮੇ ਦੌਰਾਨ ਸਸਪੈਂਡ ਕੀਤੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਆਰਟੀਓ ਬਰਨਾਲਾ ਹਰਪ੍ਰੀਤ ਸਿੰਘ ਅਟਵਾਲ, ਐੱਸ ਡੀ ਐਮ ਤਪਾ ਸਿਮਰਪ੍ਰੀਤ ਕੌਰ, ਡੀ ਪੀ ਓ ਖੁਸ਼ਵੀਰ ਕੌਰ, ਸੀ ਡੀ ਪੀ ਓ ਗੁਰਜੀਤ ਕੌਰ, ਏ ਡੀ ਟੀ ਓ ਜਸ਼ਨਜੋਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।

Posted inਬਰਨਾਲਾ