ਸੰਗਰੂਰ, (ਰਵਿੰਦਰ ਸ਼ਰਮਾ) : ਸਰਕਾਰੀ ਸੁਰੱਖਿਆ ਲੈਣ ਲਈ ਆਪਣੇ ਆਪ ’ਤੇ ਹਮਲਾ ਕਰਵਾਉਣ ਦੀ ਸਾਜਿਸ਼ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਪਾਸੋਂ .32 ਬੋਰ ਦੀ 1 ਪਿਸਟਲ, ਵਾਰਦਾਤ ’ਚ ਵਰਤੀ ਗੱਡੀ ਅਤੇ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 29 ਜੁਲਾਈ ਨੂੰ ਮਿਲਨਜੋਤ ਸਿੰਘ ਵਾਸੀ ਥਿੰਦ ਪੱਤੀ ਸ਼ੇਰਪੁਰ ਨੇ ਇਤਲਾਹ ਦਿੱਤੀ ਕਿ ਉਹ ਕਥਾਵਾਚਕ ਦਾ ਕੰਮ ਕਰਦਾ ਹੈ। 28 ਜੁਲਾਈ ਦੀ ਰਾਤ 9 ਵਜੇ ਉਹ ਮੋਹਾਲੀ ਤੋਂ ਸਕਾਰਪਿਓ ਗੱਡੀ ’ਚ ਸ਼ੇਰਪੁਰ ਨੂੰ ਆ ਰਹੇ ਸਨ। ਜਦਕਿ ਉਸਦਾ ਰਿਸ਼ਤੇਦਾਰ ਜਸਵਿੰਦਰ ਸਿੰਘ ਆਪਣੀ ਗੱਡੀ ਸਵਿੱਫਟ ਡਿਜਾਇਰ ਵਿਚ ਸਵਾਰ ਸੀ। ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਮਿਲਨਜੋਤ ਤੇ ਜਸਵਿੰਦਰ ਸਿੰਘ ਘਰ ਪੁੱਜ ਗਏ। ਜਦੋਂ ਉਹ ਦੋਵੇਂ ਘਰ ਅੰਦਰ ਚਲੇ ਗਏ। ਇਸ ਦੌਰਾਨ ਗੱਡੀਆਂ ਬਾਹਰ ਹੀ ਖੜ੍ਹੀਆਂ ਸਨ ਅਤੇ ਪਿੱਛਾ ਕਰਨ ਵਾਲੇ ਵਿਅਕਤੀਆਂ ਨੇ ਜਸਵਿੰਦਰ ਸਿੰਘ ਦੀ ਗੱਡੀ ਦੇ ਮੂਹਰਲੇ ਸ਼ੀਸ਼ੇ ਵਿਚ ਗੋਲ਼ੀ ਮਾਰਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਸ਼ੇਰਪੁਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਡੂੰਘਾਈ ਨਾਲ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਕਿ ਮਿਲਨਜੋਤ ਸਿੰਘ ਨੇ ਸਰਕਾਰੀ ਸੁਰੱਖਿਆ ਲੈਣ ਦੇ ਮੰਤਵ ਨਾਲ ਆਪਣੇ ਸਾਢੂ ਜਸਵਿੰਦਰ ਸਿੰਘ ਨਾਲ ਰਲਕੇ ਸਾਜਿਸ਼ ਤਹਿਤ ਆਪਣੀ ਗੱਡੀ ਉੱਤੇ ਆਪ ਹੀ ਫਾਇਰ ਕਰਵਾਇਆ। ਇਸ ਵਿਚ ਆਂਚਲ ਸਿੰਗਲਾ ਨਿਵਾਸੀ ਚੰਡੀਗੜ੍ਹ, ਪਿਊਸ਼ ਗੁਪਤਾ ਉਰਫ ਛੋਟੂ ਵਾਸੀ ਗਿੱਦੜਬਾਹਾ, ਮਨੀਸ਼ ਕੁਮਾਰ ਉਰਫ ਟੀਟੂ ਵਾਸੀ ਰਾਏਕੇ ਖੁਰਦ ਜ਼ਿਲ੍ਹਾ ਬਠਿੰਡਾ ਨੂੰ 1 ਲੱਖ 20 ਹਜਾਰ ਰੁਪਏ ਦੇ ਕੇ ਇਹ ਕਾਰਨਾਮਾ ਕਰਵਾਇਆ ਸੀ। ਉਕਤ ਚਾਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਇਨ੍ਹਾਂ ਤੋ ਵਾਰਦਾਤ ਵਿਚ ਵਰਤੀ ਗੱਡੀ, .32 ਬੋਰ ਦਾ ਪਿਸਟਲ ਅਤੇ 50 ਹਜ਼ਾਰ ਰੁਪਏ ਨਕਦ ਬਰਾਮਦ ਕਰ ਲਏ ਹਨ। ਇਸ ਮਾਮਲੇ ਵਿਚ ਕਥਾਵਾਚਕ ਮਿਲਨਜੋਤ ਸਿੰਘ ਹਾਲੇ ਫਰਾਰ ਹੈ, ਜਿਸਦੀ ਪੁਲਿਸ ਭਾਲ ਵਿਚ ਲੱਗੀ ਹੋਈ ਹੈ।

Posted inਸੰਗਰੂਰ