– 270 ਪੋਸਟਾਂ ਵਿੱਚ ਉਮਰ ਹੱਦ ਛੋਟ ਦਿੱਤੀ ਜਾਵੇ : ਢਿੱਲਵਾਂ
ਬਰਨਾਲਾ, 2 ਅਗਸਤ (ਰਵਿੰਦਰ ਸ਼ਰਮਾ) : ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਪੋਸਟਾਂ ਭਰਨ ਅਤੇ ਉਮਰ ਹੱਦ ਛੋਟ ਦੀ ਮੰਗ ਕਰਦੇ ਬੇਰੁਜ਼ਗਾਰਾਂ ਨੂੰ ਭਾਵੇਂ ਸਿਰਫ 270 ਪੋਸਟਾਂ ਦਾ ਇਸ਼ਤਿਹਾਰ ਦੇ ਕੇ ਪੰਜਾਬ ਸਰਕਾਰ ਨੇ ਵਰਚਾਉਣ ਦੀ ਕੋਸਿਸ਼ ਕੀਤੀ ਹੈ।ਪ੍ਰੰਤੂ ਬੇਰੁਜ਼ਗਾਰ ਯੂਨੀਅਨ ਵੱਲੋਂ ਉਮਰ ਹੱਦ ਛੋਟ ਬਾਰੇ ਬੇ-ਯਕੀਨੀ ਨੂੰ ਲੈਕੇ ਸੰਘਰਸ਼ ਜਾਰੀ ਹੈ।ਅੱਜ ਜਿਓਂ ਹੀ ਬੇਰੁਜ਼ਗਾਰਾਂ ਨੂੰ ਇਸ ਗੱਲ ਦੀ ਭਿਣਕ ਪਈ ਕਿ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਆਪਣੇ ਬਠਿੰਡਾ ਦੌਰੇ ਤੋਂ ਵਾਪਸੀ ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚ ਸਕਦੇ ਹਨ ਤਾਂ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਅੱਧੀ ਦਰਜਨ ਤੋਂ ਵੱਧ ਬੇਰੁਜ਼ਗਾਰ ਸਿਵਲ ਹਸਪਤਾਲ ਵਿਖੇ ਇਕੱਠੇ ਹੋ ਗਏ।ਜਿੱਥੇ ਲੰਬੀ ਉਡੀਕ ਕਰਨ ਅਤੇ ਜਾਣਕਾਰੀ ਇਕੱਤਰ ਕਰਨ ਮਗਰੋ ਉਹਨਾਂ ਨੇ ਮੀਡੀਏ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਕਿ ਸਿਹਤ ਮੰਤਰੀ ਬੇਰੁਜ਼ਗਾਰਾਂ ਦੇ ਵਿਰੋਧ ਡਰੋਂ ਦੌਰਾ ਰੱਦ ਕਰ ਗਏ ਹਨ।ਉਹਨਾਂ ਦੱਸਿਆ ਕਿ ਸਾਲ 2020 ਮਗਰੋ ਕਰੀਬ ਪੰਜ ਸਾਲਾਂ ਬਾਅਦ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਸਵਾ ਤਿੰਨ ਸਾਲ ਬੀਤਣ ਮਗਰੋਂ ਪਹਿਲੀ ਵਾਰ ਸਿਹਤ ਵਿਭਾਗ ਵਿੱਚ 1800 ਦੇ ਕਰੀਬ ਪੋਸਟਾਂ ਮਨਜੂਰ ਹੋਈਆਂ ਹਨ ।ਜਿੰਨਾ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ 270 ਪੋਸਟਾਂ ਹਨ।ਉਹਨਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਭਰਤੀ ਨਾ ਆਉਣ ਕਾਰਨ ਅਤੇ ਸਾਲ 2011 ਤੋ ਮਲਟੀ ਪਰਪਜ਼ ਹੈਲਥ ਵਰਕਰ ਦਾ ਕੋਰਸ ਬੰਦ ਹੋਣ ਕਾਰਨ ਪੰਜਾਬ ਅੰਦਰ ਜਿੰਨੇ ਵੀ ਕੋਰਸ ਪਾਸ ਬੇਰੁਜ਼ਗਾਰ ਸਨ ਉਹਨਾਂ ਵਿੱਚੋ ਵੱਡੀ ਗਿਣਤੀ ਓਵਰ ਏਜ਼ ਹੋ ਚੁੱਕੇ ਹਨ।ਉਹਨਾਂ ਦੱਸਿਆ ਕਿ ਅੰਦਾਜ਼ਨ 2500 ਦੇ ਕਰੀਬ ਬੇਰੁਜ਼ਗਾਰਾਂ ਵਿੱਚੋ 2200 ਕਰੀਬ ਉਮਰ ਹੱਦ ਲੰਘਾ ਚੁੱਕੇ ਹਨ।ਇਸ ਲਈ 270 ਪੋਸਟਾਂ ਲਈ ਮਹਿਜ਼ 300 ਉਮੀਦਵਾਰ ਪੋਸਟਾਂ ਲਈ ਫਾਰਮ ਅਪਲਾਈ ਕਰਨਗੇ।ਜਦਕਿ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨੇ ਦਰਜਨਾਂ ਵਾਰ ਐਲਾਨ ਕੀਤਾ ਹੈ ਕਿ ਪਿਛਲੇ ਸਮੇਂ ਤੋਂ ਧਰਨੇ ਲਾਉਂਦੇ,ਰੁਜ਼ਗਾਰ ਮੰਗਦੇ ਓਵਰ ਏਜ਼ ਹੋ ਚੁੱਕੇ ਬੇਰੁਜ਼ਗਾਰਾਂ ਲਈ ਉਮਰ ਹੱਦ ਵਧਾ ਕੇ ਮੌਕਾ ਦਿੱਤਾ ਜਾਵੇਗਾ।ਉਹਨਾਂ ਦੱਸਿਆ ਕਿ ਜਾਰੀ ਇਸ਼ਤਿਹਾਰ ਅਨੁਸਾਰ ਭਾਵੇਂ 6 ਅਗਸਤ 2025 ਤੋ ਅਪਲਾਈ ਹੋਣ ਲਈ ਪੋਰਟਲ ਖੁੱਲਣਾ ਹੈ। ਪਰ ਉਮਰ ਹੱਦ ਲੰਘਾ ਚੁੱਕੇ ਬੇਰੁਜ਼ਗਾਰਾਂ ਲਈ ਛੋਟ ਮਿਲੇਗੀ ਜਾਂ ਨਹੀਂ ਇਸ ਬੇ – ਯਕੀਨੀ ਹੈ।ਇਸ ਲਈ ਉਹ ਅੱਜ ਸਿਹਤ ਮੰਤਰੀ ਨੂੰ ਮਿਲਣ ਪਹੁੰਚੇ ਸਨ।ਉਹਨਾਂ ਅੱਗੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।ਉਹਨਾਂ ਦੱਸਿਆ ਕਿ 14 ਅਗਸਤ ਤੋ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਵੱਖ ਵੱਖ ਮੰਗਾਂ ਸਮੇਤ ਉਮਰ ਹੱਦ ਛੋਟ ਲਈ ਪੱਕਾ ਮੋਰਚਾ ਲਾਇਆ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਚੋਣ ਵਾਅਦੇ ਪੂਰੇ ਕਰਨ।ਇਸ ਮੌਕੇ ਕਰਮਜੀਤ ਸਿੰਘ ਜਗਜੀਤ ਪੁਰਾ,ਲਖਵੀਰ ਮੌੜ,ਬਲਵਿੰਦਰ ਸਿੰਘ ਤਪਾ,ਪਲਵਿੰਦਰ ਸਿੰਘ ਬਰਨਾਲਾ ਅਤੇ ਲਖਵੀਰ ਸਿੰਘ ਲੱਖਾ ਸਿੱਧੂ ਕਲਾਲਾ ਆਦਿ ਹਾਜਰ ਸਨ।

Posted inਬਰਨਾਲਾ