ਬਰਨਾਲਾ, 2 ਅਗਸਤ (ਰਵਿੰਦਰ ਸ਼ਰਮਾ) : ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਇੱਕ ਅਹਿਮ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਾਮਰੇਡ ਸਵਰਨ ਸਿੰਘ ਜੰਗੀਆਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮਜ਼ਦੂਰ ਜਥੇਬੰਦੀਆਂ ਵੱਲੋਂ 4 ਅਗਸਤ ਨੂੰ ਜੋ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ, ਉਸ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। 13 ਅਗਸਤ ਨੂੰ ਜ਼ਿਲ੍ਹਾ ਪੱਧਰੀ ਮਜ਼ਦੂਰ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਸਕੱਤਰ ਕਾਮਰੇਡ ਗੁਰਪ੍ਰੀਤ ਰੂੜੇਕੇ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਲਗਾਤਾਰ ਮਜ਼ਦੂਰ ਵਿਰੋਧੀ ਫੈਸਲੇ ਕਰ ਰਹੀਆਂ ਹਨ। ਜਿਵੇਂ ਕਿ ਸੰਵਿਧਾਨ ਵਿੱਚੋਂ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਕੋਡਾ ਵਿੱਚ ਤਬਦੀਲ ਕਰ ਚੁੱਕੀ ਹੈ। ਹੁਣ ਨਰੇਗਾ ਕੰਮਾਂ ਵਿੱਚ ਵੱਡੀ ਪੱਧਰ ’ਤੇ ਕੱਟ ਲਾ ਦਿੱਤੇ ਹਨ। ਜਿਸ ਦੇ ਵਿਰੋਧ ਵਿਚ ਮੰਤਰੀਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਹੁਣ ਮਜ਼ਦੂਰ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਦੀ ਤਰ੍ਹਾਂ ਇਕ ਵਿਸ਼ਾਲ ਸੰਘਰਸ਼ ਕਰਨ ਦੀ ਲੋੜ ਹੈ। ਇਸ ਮੌਕੇ ਮੀਟਿੰਗ ਵਿੱਚ ਹਰਚਰਨ ਸਿੰਘ ਰੂੜੇਕੇ, ਜੱਗ ਸਿੰਘ ਹਰੀਗੜ੍ਹ,ਬੂਟਾ ਸਿੰਘ ਧਨੋਲਾ, ਸੁਖਦੇਵ ਸਿੰਘ ਮੱਝੂਕੇ, ਕੋਰ ਸਿੰਘ ਭੈਣੀ ਫੱਤਾ, ਗਗਨਦੀਪ ਸਿੰਘ ਨਾਈਵਾਲ, ਸੁਰਜੀਤ ਸਿੰਘ ਨੰਗਲ ਆਦਿ ਆਗੂ ਹਾਜ਼ਰ ਸਨ।

Posted inਬਰਨਾਲਾ