ਸੰਗਰੂਰ, 3 ਅਗਸਤ (ਰਵਿੰਦਰ ਸ਼ਰਮਾ) : ਜੇਕਰ ਤੁਹਾਡਾ ਕੋਈ ਮਰੀਜ਼ ਨਿੱਜੀ ਹਸਪਤਾਲ ਵਿਚ ਭਰਤੀ ਹੈ ਅਤੇ ਉਸਨੂੰ ਖੂਨ ਚੜ੍ਹਾਉਣ ਦੀ ਲੋੜ ਹੈ ਤਾਂ ਤੁਹਾਨੂੰ ਹੁਣ ਆਪਣੀ ਜੇਬ ਢਿੱਲੀ ਕਰਨੀ ਪਵੇਗੀ, ਕਿਉਂਕਿ ਸਰਕਾਰ ਦੇ ਹੁਕਮਾਂ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਤੋਂ ਮਿਲਣ ਵਾਲੇ ਖੂ਼ਨ ਦੇ ਰੇਟ ਨਿੱਜੀ ਹਸਪਤਾਲਾਂ ਦੇ ਲਈ ਵਧਾ ਦਿੱਤੇ ਗਏ ਹਨ। ਹੁਣ 300 ਰੁਪਏ ਵਾਲਾ ਪੀਆਰਬੀਸੀ ਯੂਨਿਟ 1300 ਰੁਪਏ ਵਿਚ ਮਿਲੇਗਾ, ਭਾਵ ਕਿ ਸਿੱਧਾ ਇਕ ਹਜ਼ਾਰ ਰੁਪਏ ਜ਼ਿਆਦਾ ਅਦਾ ਕਰਨ ਹੋਣਗੇ।
ਜ਼ਿਕਰਯੋਗ ਹੈ ਕਿ ਸੰਗਰੂਰ ’ਚ ਤਿੰਨ ਬਲੱਡ ਬੈਂਕ ਮੌਜੂਦ ਹਨ। ਸਿਵਲ ਹਸਪਤਾਲ ਸੰਗਰੂਰ ’ਚ ਮੌਜੂਦ ਬਲੱਡ ਬੈਂਕ ਵਿਚੋਂ ਸ਼ਹਿਰ ਦੇ ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ ’ਚ ਭਰਤੀ ਮਰੀਜ਼ਾਂ ਦੇ ਲਈ ਖੂਨ ਦੀ ਜ਼ਰੂਰਤ ਪੂਰੀ ਹੁੰਦੀ ਹੈ। ਰੋਜ਼ਾਨਾ 25-30 ਲੋਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਤੋਂ ਬਾਹਰੀ ਹਸਪਤਾਲ ਦੇ ਮਰੀਜ਼ਾਂ ਦੇ ਲਈ ਖੂ਼ਨ ਦੇ ਯੂਨਿਟ ਤੇ ਖੂ਼ਨ ਨਾਲ ਜੁੜ਼ੇ ਯੂਨਿਟਸ ਲੈ ਕੇ ਜਾਂਦੇ ਹਨ। ਇਥੇ ਸਰਕਾਰ ਦੇ ਹੁਕਮਾਂ ਅਨੁਸਾਰ ਬਣਦੀ ਫੀਸ ਸਰਕਾਰੀ ਬਲੱਡ ਬੈਂਕ ਵੱਲੋਂ ਵਸੂਲ ਕਰ ਕੇ ਬਾਹਰੀ ਮਰੀਜ਼ ਨੂੰ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ। ਸਿਵਲ ਹਸਪਤਾਲ ਸੰਗਰੂਰ ਜਾਂ ਹੋਮੀ ਭਾਬਾ ਕੈਂਸਰ ਹਸਪਤਾਲ ਵਿਚ ਭਰਤੀ ਮਰੀਜ਼ ਦੇ ਲਈ ਇਹ ਸੇਵਾ ਬਿਲਕੁਲ ਮੁਫਤ ਹੈ, ਪ੍ਰੰਤੂ ਜੇਕਰ ਕੋਈ ਮਰੀਜ਼ ਕਿਸੇ ਨਿੱਜੀ ਹਸਪਤਾਲ ਵਿਚ ਭਰਤੀ ਹੈ ਅਤੇ ਉਸਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਉਸਤੋਂ ਬਣਦੀ ਫੀਸ ਅਦਾ ਕਰਨੀ ਹੋਵੇਗੀ। ਹੋਲ ਬਲੱਡ ਪ੍ਰਤੀ ਯੂਨਿਟ ਜਿਥੇ ਪਹਿਲਾਂ 1 ਹਜ਼ਾਰ ਰੁਪਏ ਸੀ, ਉਸਦੇ ਲਈ ਹੁਣ 1100 ਰੁਪਏ ਫੀਸ ਦੇਣੀ ਪਵੇਗੀ, ਭਾਵ ਸੌ ਰੁਪਏ ਦਾ ਵਾਧਾ ਕੀਤਾ ਗਿਆ ਹੈ। ਉਥੇ ਪੀਆਰਬੀਸੀ (ਪੈਕੇਡ ਲਾਲ ਖੂਨ ਕੋਸ਼ਿਕਾਵਾਂ) ਦੇ ਯੂਨਿਟ ਦੀ ਕੀਮਤ ਪਹਿਲਾਂ ਜਿੱਥੇ 300 ਰੁਪਏ ਸੀ। ਉਸ ਵਿਚ ਇਕ ਹਜ਼ੀਰ ਰੁਪਏ ਦਾ ਵਾਧਾ ਕੀਤਾ ਗਿਆ ਹੈ। ਭਾਵ ਹੁਣ ਇਕ ਯੂਨਿਟ ਦੀ ਕੀਮਤ 1300 ਰੁਪਏ ਕਰ ਦਿੱਤੀ ਗਈ ਹੈ। ਉਥੇ ਹੀ ਡੇਂਗੂ ਜਾਂ ਹੋਰ ਬਿਮਾਰੀ ਦੌਰਾਨ ਮਰੀਜ਼ ’ਚ ਸੈੱਲਾਂ ਦੀ ਗਿਣਤੀ ਵਧਾਉਣ ਲਈ ਲੱਗਣ ਵਾਲੀ ਐੱਸਡੀਪੀ (ਸਿੰਗਲ ਡੋਨਰ ਪਲੇਟਲੇਟਸ) ਪਹਿਲਾਂ ਜਿੱਥੇ 8 ਹਜ਼ਾਰ ਰੁਪਏ ਪ੍ਰਤੀ ਯੂਨਿਟ ਸੀ, ਹੁਣ ਉਸਦਾ ਭਾਅ 10060 ਰੁਪਏ ਕਰ ਦਿੱਤਾ ਗਿਆ ਹੈ। ਸਹਾਇਕ ਸਿਵਲ ਸਰਜਨ-ਕਮ ਜ਼ਿਲ੍ਹਾ ਨੋਡਲ ਅਫਸਰ ਡਾ. ਸੰਜੇ ਮਾਥੁਰ ਨੇ ਵਧੇ ਰੇਟਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਹੀ ਰੇਟ ਤੈਅ ਕੀਤੇ ਗਏ ਹਨ। ਇਸੇ ਅਨੁਸਾਰ ਫੀਸ ਵਸੂਲ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਸੰਗਰੂਰ ਜਾਂ ਹੋਮੀ ਭਾਬਾ ਕੈਂਸਰ ਹਸਪਤਾਲ ਦੇ ਮਰੀਜ਼ਾਂ ਦੇ ਲਈ ਇਹ ਸਹੂਲਤ ਮੁਫਤ ਹੈ।

Posted inਸੰਗਰੂਰ