ਬਠਿੰਡਾ, 4 ਅਗਸਤ (ਰਵਿੰਦਰ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਖਿਲਾਫ ਬਠਿੰਡਾ ਦੇ ਮਿਨੀ ਸਕੱਤਰੇਤ ਵਿਖੇ ਧਰਨਾ ਦਿੱਤਾ ਗਿਆ, ਜਿਸ ਵਿੱਚ ਬਠਿੰਡਾ ਜਿਲੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਵੱਡੀ ਗਿਣਤੀ ਵਿੱਚ ਵਰਕਰ ਪਹੁੰਚੇ ਤੇ ਰਿਕਾਰਡ ਇਕੱਠ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮਤਾ ਵੀ ਪਾਸ ਕਰ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਇੱਕ ਇੰਚ ਵੀ ਜਮੀਨ ਨਹੀਂ ਦਿੱਤੀ ਜਾਵੇਗੀ। ਜਿਕਰ ਯੋਗ ਹੈ ਕਿ ਲੈਂਡ ਪੂਲਿੰਗ ਸਕੀਮ ਅਧੀਨ ਬਠਿੰਡਾ ਦੇ ਪਿੰਡ ਨਰੂਆਣਾ, ਜੋਧਪੁਰ ਰਮਾਣਾ ਅਤੇ ਪੱਤੀ ਝੁੱਟੀ ਕੇ ਦੀ ਵੀ ਕਰੀਬ 884 ਏਕੜ ਜਗ੍ਹਾ ਅਕਵਾਇਰ ਕਰਨ ਦੀ ਨੀਤੀ ਬਣਾਈ ਗਈ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਮੌਕੇ ਸੁਖਬੀਰ ਸਿੰਘ ਬਾਦਲ ਨੇ ਪੱਤੀ ਝੁੱਟੀਕਾ ਅਤੇ ਨਰੂਆਣਾ ਪਿੰਡ ਦੇ ਨਿਵਾਸੀ ਵੀ ਸਾਹਮਣੇ ਲਿਆਂਦੇ ਅਤੇ ਕਿਹਾ ਕਿ ਇੱਕ ਇੰਚ ਵੀ ਜਮੀਨ ਨਹੀਂ ਦਿੱਤੀ ਜਾਵੇਗੀ ਤੇ ਪਿੰਡਾਂ ਵਿੱਚ ਮਤੇ ਪਾਸ ਕਰਕੇ ਬੋਰਡ ਲਾ ਦਿਓ ਕਿ ਪਿੰਡਾਂ ਵਿੱਚ ਝਾੜੂ ਵਾਲਿਆਂ ਦੇ ਵੜਨ ਲਈ ਮਨਾ ਹੈ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਦਿਓ ਕਿਸਾਨਾਂ ਨੂੰ ਮੁਫਤ ਵਿੱਚ ਟਿਊਬਲ ਕਨੈਕਸ਼ਨ ਵੰਡੇ ਜਾਣਗੇ ਤੇ ਹਰ ਭਲਾਈ ਸਕੀਮ ਦਾ ਲਾਭ ਮਿਲੇਗਾ। ਇਸ ਮੌਕੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਨੂੰ ਸੰਭਾਲ ਦਿੱਤੀ ਹੈ ਅਤੇ ਆਪ ਐਸ਼ ਪ੍ਰਸਤੀ ਵੱਲ ਵਧੇ ਹੋਏ ਹਨ, ਜਿਸ ਕਰਕੇ ਪੰਜਾਬ ਬਰਬਾਦੀ ਦੀ ਕਗਾਰ ਤੇ ਪਹੁੰਚ ਚੁੱਕਿਆ ਹੈ। ਉਹਨਾਂ ਕਿਹਾ ਕਿ ਸੂਬੇ ਦੇ ਹਾਲਾਤ ਮਾੜੇ ਹਨ ਹਰ ਪਾਸੇ ਕਰਪਸ਼ਨ ਵੱਧ ਰਹੀ ਹੈ, ਗੈਂਗਸਟਰਾਂ ਦਾ ਬੋਲ ਬਾਲਾ ਵੱਧ ਰਿਹਾ ਹੈ, ਲੁੱਟਾਂ ਖੋਹਾਂ ਕਰਕੇ ਵਪਾਰੀਆਂ ਵਿੱਚ ਦਹਿਸ਼ਤ ਬਣੀ ਹੋਈ ਹੈ ਪਰ ਇਸ ਪਾਸੇ ਮੁੱਖ ਮੰਤਰੀ ਦਾ ਕੋਈ ਧਿਆਨ ਨਹੀਂ । ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਟੀਮ ਦਿੱਲੀ ਤੋਂ ਨਕਾਰੀ ਹੋਈ ਹੈ ਜਿਸ ਕਰਕੇ ਹੁਣ ਪੰਜਾਬ ਨੂੰ ਲੁੱਟਣ ਤੇ ਲੱਗੇ ਹੋਏ ਹਨ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਕਾਨੂੰਨ ਲਿਆਂਦਾ ਜਾਵੇਗਾ ਕਿ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਪੰਜਾਬ ਵਿੱਚ ਨੌਕਰੀ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਕੋਈ ਬਾਹਰਲਾ ਵਿਅਕਤੀ ਪੰਜਾਬ ਵਿੱਚ ਜਮੀਨ ਖਰੀਦ ਸਕੇਗਾ। ਉਹਨਾਂ ਇਸ ਮੌਕੇ ਨਸ਼ੇ ਦੇ ਮਾਮਲੇ ਤੇ ਵੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੀ ਆਮ ਗਰੀਬ ਲੋਕਾਂ ਦੇ ਘਰ ਢਾਏ ਜਾ ਰਹੇ ਹਨ ਜਦੋਂ ਕਿ ਨਸ਼ੇ ਦੀ ਸਪਲਾਈ ਘਰ ਪੱਧਰ ਤੇ ਪਹੁੰਚ ਚੁੱਕੀ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਨਾਲ ਗਦਾਰੀ ਕਰਨੀ ਬੰਦ ਨਾ ਕੀਤੀ ਤਾਂ ਇਸਦਾ ਘਰ ਵੀ ਘੇਰਿਆ ਜਾਵੇਗਾ। ਅੱਜ ਦੇ ਧਰਨੇ ਨੂੰ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਜਿਲਾ ਪ੍ਰਧਾਨ ਦਿਹਾਤੀ ਜਗਸੀਰ ਸਿੰਘ ਜੱਗਾ ਕਲਿਆਣ, ਜਿਲਾ ਪ੍ਰਧਾਨ ਸ਼ਹਿਰੀ ਸੁਸ਼ੀਲ ਕੁਮਾਰ ਗੋਲਡੀ, ਵਰਕਿੰਗ ਕਮੇਟੀ ਮੈਂਬਰ ਬਲਕਾਰ ਸਿੰਘ ਬਰਾੜ, ਰਵੀਪ੍ਰੀਤ ਸਿੰਘ ਸਿੱਧੂ, ਬਲਜੀਤ ਸਿੰਘ ਬੀੜ ਬਹਿਮਨ, ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਗੁਰਦੀਪ ਸਿੰਘ ਕੋਟਸ਼ਮੀਰ, ਗੁਰਲਾਭ ਸਿੰਘ ਢੇਲਵਾਂ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂਆਂ ਵੱਲੋਂ ਸੰਬੋਧਨ ਕੀਤਾ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਵਰਕਰਾਂ ਨੂੰ ਸੱਦਾ ਦਿੱਤਾ।
