ਚੰਡੀਗੜ੍ਹ, 4 ਅਗਸਤ (ਰਵਿੰਦਰ ਸ਼ਰਮਾ) : ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਹੁਣ ਜੱਜਾਂ ਦੀ ਗਿਣਤੀ ਵੱਧ ਕੇ 59 ਹੋ ਗਈ ਹੈ। ਸੋਮਵਾਰ ਨੂੰ ਚੀਫ਼ ਜਸਟਿਸ ਨੇ 10 ਸੈਸ਼ਨ ਜੱਜਾਂ ਨੂੰ ਵਧੀਕ ਜੱਜ ਦੇ ਅਹੁਦੇ ਦੀ ਸਹੁੰ ਚੁਕਾਈ। ਦੱਸ ਦੇਈਏ ਕਿ ਇਨ੍ਹਾਂ 10 ਨਵੇਂ ਸੈਸ਼ਨ ਜੱਜਾਂ ਨੂੰ ਰਾਸ਼ਟਰਪਤੀ ਦੇ ਹੁਕਮਾਂ ‘ਤੇ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਭਾਰਤੀ ਸੰਵਿਧਾਨ ਦੇ ਅਨੁਛੇਦ 224 (1) ਤਹਿਤ ਕੀਤੀਆਂ ਗਈਆਂ ਹਨ। ਸਾਰੇ ਜੱਜਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਦੱਸ ਦੇਈਏ ਕਿ ਵਰਿੰਦਰ ਅਗਰਵਾਲ, ਮਨਦੀਪ ਪੰਨੂ, ਪ੍ਰਮੋਦ ਗੋਇਲ, ਸ਼ਾਲਿਨੀ ਸਿੰਘ ਨਾਗਪਾਲ, ਅਮਰਿੰਦਰ ਸਿੰਘ ਗਰੇਵਾਲ, ਸੁਬਾਸ਼ ਮਹਿਲਾ, ਸੂਰਿਆ ਪ੍ਰਤਾਪ ਸਿੰਘ, ਰੁਪਿੰਦਰਜੀਤ ਚਾਹਲ, ਅਰਾਧਨਾ ਸਾਹਨੀ, ਯਸ਼ਵੀਰ ਸਿੰਘ ਰਾਠੌੜ ਨੂੰ ਜੱਜ ਨਿਯੁਕਤ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੁੱਲ 85 ਜੱਜ ਹੋਣੇ ਚਾਹੀਦੇ ਹਨ ਪਰ ਸਿਰਫ਼ 49 ਜੱਜ ਹੀ ਕੰਮ ਕਰ ਰਹੇ ਸਨ। ਹੁਣ 10 ਨਵੇਂ ਜੱਜਾਂ ਦੀ ਨਿਯੁਕਤੀ ਤੋਂ ਬਾਅਦ ਇਹ ਗਿਣਤੀ ਵੱਧ ਕੇ 59 ਹੋ ਗਈ ਹੈ। ਹਾਈਕੋਰਟ ਵਿੱਚ ਅਜੇ ਵੀ 26 ਜੱਜਾਂ ਦੀਆਂ ਸੀਟਾਂ ਖਾਲੀ ਹਨ। ਲੋਕਾਂ ਅਤੇ ਵਕੀਲਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਹਾਈਕੋਰਟ ਵਿੱਚ ਜੱਜਾਂ ਦੀ ਗਿਣਤੀ ਵਧਾਈ ਜਾਵੇ ਤਾਂ ਜੋ ਕੇਸਾਂ ਦਾ ਜਲਦੀ ਨਿਪਟਾਰਾ ਹੋ ਸਕੇ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਜੱਜਾਂ ਦੇ ਆਉਣ ਨਾਲ ਫੈਸਲੇ ਜਲਦੀ ਹੋਣਗੇ ਅਤੇ ਲੋਕਾਂ ਨੂੰ ਸਮੇਂ ‘ਤੇ ਇਨਸਾਫ਼ ਮਿਲੇਗਾ।

Posted inਚੰਡੀਗੜ੍ਹ