ਹੰਡਿਆਇਆ, 5 ਅਗਸਤ (ਰਵਿੰਦਰ ਸ਼ਰਮਾ) : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਵੱਲੋਂ ਦਿੜ੍ਹਬਾ ਵਿਖੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਮੀਟਿੰਗ ਦੌਰਾਨ ਬੋਲੀ ਗਈ ਭੱਦੀ ਸ਼ਬਦਾਵਲੀ ਦੇ ਰੋਸ ਵਜੋਂ ਝੰਡਾ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਦੇ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ 29 ਜੁਲਾਈ ਨੂੰ ਪੰਜਾਬ ਸਰਕਾਰ ਵੱਲੋਂ ਜਥੇਬੰਦੀ ਨੂੰ ਵਿੱਤ ਮੰਤਰੀ ਸਬ ਕਮੇਟੀ ਦੇ ਨਾਲ ਮੀਟਿੰਗ ਦਿੱਤੀ ਗਈ ਸੀ। ਜਦੋਂ ਜਥੇਬੰਦੀ ਦੇ ਆਗੂ ਚੰਡੀਗੜ੍ਹ ਪੰਜਾਬ ਭਵਨ ਵਿਖੇ ਮੀਟਿੰਗ ਕਰਨ ਗਏ ਤਾਂ ਵਿੱਤ ਮੰਤਰੀ ਜਥੇਬੰਦੀ ਦੇ ਆਗੂਆਂ ਨੂੰ ਬੋਲਦੇ ਹਨ ਕਿ ਤੁਹਾਨੂੰ ਮੀਟਿੰਗ ਕਿਸਨੇ ਦਿੱਤੀ, ਜਦੋਂ ਕਿ ਜਥੇਬੰਦੀ ਨੂੰ ਲਿਖਤੀ ਤੌਰ ’ਤੇ ਮੀਟਿੰਗ 35 ਸੈਕਟਰ ਸਥਾਨਕ ਸਰਕਾਰਾਂ ਵਿਭਾਗ ਵਿਚੋਂ ਕੱਢੀ ਗਈ ਸੀ। ਫਿਰ ਵਿਤ ਮੰਤਰੀ ਵੱਲੋਂ ਆਪਣੇ ਦਫਤਰ ਦੇ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਜੇਕਰ ਇਹ ਧਰਨਾ ਲਾਉਂਦੇ ਹਨ ਤਾਂ ਡੀ ਐਸ ਪੀ ਨੂੰ ਕਹਿ ਕੇ ਇਨ੍ਹਾਂ ’ਤੇ ਪਰਚੇ ਕਰੋ ਅਤੇ ਜੇਲਾਂ ਵਿੱਚ ਸੁੱਟੋ। ਇਸ ਮੌਕੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਵੱਲੋਂ ਕਿਹਾ ਗਿਆ ਕਿ ਜੇਕਰ ਪੰਜਾਬ ਦੀ ਸਰਕਾਰ ਚਾਹੁੰਦੀ ਹੈ ਕਿ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਆਊਟਸੋਰਸ ਕਾਮੇ ਆਪਣੇ ਹੱਕ ਸਰਕਾਰ ਤੋਂ ਨਾ ਮੰਗਣ ਇਸ ਲਈ ਸੀਵਰੇਜ਼ ਬੋਰਡ ਦੇ ਆਊਟਸੋਰਸ ਕਾਮਿਆਂ ਦੇ ਚੌਕ ਵਿੱਚ ਖੜਾ ਕੇ ਗੋਲੀ ਮਾਰ ਦਿੱਤੀ ਜਾਵੇ। ਕਾਮਿਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੱਕ ਸੰਘਰਸ਼ੀ ਲੋਕਾਂ ਵਿੱਚ ਅਣਖ ਨਾਮ ਦੀ ਚੀਜ਼ ਹੈ ਤਾਂ ਇਹ ਲੋਕ ਆਪਣੇ ਹੱਕਾਂ ਦੀ ਗੱਲ ਇਸ ਤਰਾਂ ਹੀ ਕਰਨਗੇ। ਚਾਹੇ ਸਰਕਾਰ ਪਰਚੇ ਕਰੇ ਚਾਹੇ ਸਾਨੂੰ ਜੇਲਾਂ ਵਿੱਚ ਸੁੱਟੇ। ਇਸ ਮੌਕੇ ਜਥੇਬੰਦੀ ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਥੇਬੰਦੀ ਵੱਲੋਂ ਇਕੱਲੇ ਵਿਤ ਮੰਤਰੀ ਨਾਲ ਮੀਟਿੰਗ ਨਹੀਂ ਕੀਤੀ ਜਾਵੇਗੀ। ਜਥੇਬੰਦੀ ਦੀ ਪੂਰੀ ਸਬ ਕਮੇਟੀ ਨਾਲ ਹੀ ਮੀਟਿੰਗ ਕਰਵਾਈ ਜਾਵੇ ਕਿਉਂਕਿ ਵਿੱਤ ਮੰਤਰੀ ਵੱਲੋਂ ਆਗੂਆਂ ਨਾਲ ਭੱਦੀ ਸ਼ਬਦਾਵਲੀ ਦੇ ਵਿੱਚ ਗੱਲ ਕੀਤੀ ਜਾਂਦੀ ਹੈ। ਜੇਕਰ ਪੰਜਾਬ ਸਰਕਾਰ ਦੀ 6 ਅਗਸਤ 2025 ਵਾਲੀ ਮੀਟਿੰਗ ਵਿੱਚ ਸੀਵਰੇਜ਼ ਕਾਮਿਆਂ ਦੀਆਂ ਹੱਕੀ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੀਵਰੇਜ਼ ਦੀਆਂ ਮੋਟਰਾਂ ਵੀ ਬੰਦ ਕੀਤੀਆਂ ਜਾਣਗੀਆਂ ਅਤੇ ਜਥੇਬੰਦੀ ਵੱਲੋਂ ਇਸ ਤੋਂ ਵੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਸੁਖਵਿੰਦਰ ਸਿੰਘ, ਚਿਮਨ ਲਾਲ ਜਿੰਦਲ, ਗੁਰਪ੍ਰੀਤ ਸਿੰਘ, ਰਾਹੁਲ ਕੁਮਾਰ, ਜਸਵਿੰਦਰ ਸਿੰਘ, ਹਰਦੀਪ ਸਿੰਘ ਤੇ ਜਗਸੀਰ ਸਿੰਘ ਹਾਜ਼ਰ ਸਨ।

Posted inUncategorized