ਐੱਸਏਐੱਸ ਨਗਰ, 5 ਅਗਸਤ (ਰਵਿੰਦਰ ਸ਼ਰਮਾ) : ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਨਾਨ-ਟੀਚਿੰਗ ਸਟਾਫ ਲਈ ਬਦਲੀਆਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਰੀ ਪ੍ਰੈੱਸ ਨੋਟ ਅਨੁਸਾਰ ਉਹ ਸਾਰੇ ਕਰਮਚਾਰੀ ਜਿਨ੍ਹਾਂ ਨੇ ਪਹਿਲਾਂ ਬਦਲੀ ਲਈ ਅਰਜ਼ੀ ਦਿੱਤੀ ਸੀ, ਹੁਣ 5 ਅਗਸਤ ਤੋਂ 6 ਅਗਸਤ ਤੱਕ ਈ-ਪੰਜਾਬ ਪੋਰਟਲ ’ਤੇ ਆਪਣੀ ਪਸੰਦ ਦੇ ਸਟੇਸ਼ਨ ਭਰ ਸਕਦੇ ਹਨ। ਇਹ ਬਦਲੀਆਂ ਪਹਿਲੇ ਗੇੜ ਤਹਿਤ ਜ਼ਿਲ੍ਹੇ ਅੰਦਰ ਕੀਤੀਆਂ ਜਾਣਗੀਆਂ। ਇਹ ਪਾਲਿਸੀ ਅਧਿਆਪਕ ਟਰਾਂਸਫਰ ਪਾਲਿਸੀ-2019 ਅਨੁਸਾਰ ਲਾਗੂ ਹੋਵੇਗੀ, ਜਿਸ ਵਿਚ ਸਮੇਂ-ਸਮੇਂ ’ਤੇ ਸੋਧ ਕੀਤੀ ਗਈ ਹੈ। ਹੁਣ ਇਹ ਪਾਲਿਸੀ ਕੰਪਿਊਟਰ ਫੈਕਲਟੀ ਅਤੇ ਨਾਨ-ਟੀਚਿੰਗ ਸਟਾਫ ’ਤੇ ਵੀ ਲਾਗੂ ਹੋਵੇਗੀ। ਇਨ੍ਹਾਂ ਦੋ ਦਿਨਾਂ ਵਿਚ ਉਹ ਸਾਰੇ ਦਰਖ਼ਾਸਤਕਰਤਾ ਜਿਨ੍ਹਾਂ ਨੇ 13 ਜੂਨ 2025, 21 ਜੂਨ 2025 ਜਾਂ 10 ਜੁਲਾਈ 2025 ਤੱਕ ਆਨਲਾਈਨ ਬੇਨਤੀਆਂ ਦਿੱਤੀਆਂ ਸਨ, ਉਹ ਹੁਣ ਸਟੇਸ਼ਨ ਚੋਇਸ ਭਰ ਸਕਦੇ ਹਨ। ਇੱਥੇ ਇਹ ਵੀ ਜ਼ਰੂਰੀ ਕੀਤਾ ਗਿਆ ਹੈ ਕਿ ਜਿਹੜੇ ਕਰਮਚਾਰੀ ਇਸ ਬਦਲੀ ਪ੍ਰਕਿਰਿਆ ਵਿਚ ਸਫ਼ਲ ਹੋਣਗੇ, ਉਨ੍ਹਾਂ ਲਈ ਨਵੇਂ ਤਾਇਨਾਤ ਸਟੇਸ਼ਨ ’ਤੇ ਜੁਆਇਨ ਕਰਨਾ ਲਾਜ਼ਮੀ ਹੋਵੇਗਾ। ਇਸ ਪ੍ਰਕਿਰਿਆ ਨਾਲ ਸਿੱਖਿਆ ਵਿਭਾਗ ਵਿਚ ਬਦਲੀਆਂ ਦੇ ਲੰਬੇ ਸਮੇਂ ਤੋਂ ਲਟਕਦੇ ਮਸਲੇ ਹੱਲ ਹੋਣ ਦੀ ਉਮੀਦ ਹੈ।

Posted inਮੋਹਾਲੀ