ਸੌਦਾ ਸਾਧ ਨੂੰ ਫਿਰ ਮਿਲੀ ਪੈਰੋਲ, 40 ਦਿਨਾਂ ਲਈ ਆਇਆ ਜੇਲ ਤੋਂ ਬਾਹਰ
ਚੰਡੀਗੜ੍ਹ, 5 ਅਗਸਤ (ਰਵਿੰਦਰ ਸ਼ਰਮਾ) : ਸੌਦਾ ਸਾਧ ’ਤੇ ਹਰਿਆਣਾ ਦੀ ਭਾਜਪਾ ਸਰਕਾਰ ਇਨੀ ਮਿਹਰਬਾਨ ਹੈ ਕਿ ਛੁੱਟੀਆਂ ਦੀ ਬਹਾਰ ਲਗਾਤਾਰ ਹੋ ਰਹੀ ਹੈ। ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ’ਤੇ ਭਾਜਪਾ ਸਰਕਾਰ ਇਨੀ ਮਿਹਰਬਾਨੀ ਹੈ ਕਿ 14ਵੀਂ ਵਾਰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ ਅਤੇ ਸੌਦਾ ਸਾਧ ਸੁਨਾਰੀਆ ਜੇਲ ਵਿੱਚੋਂ ਬਾਹਰ ਆ ਕੇ ਡੇਰਾ ਸਿਰਸਾ ਵੀ ਪਹੁੰਚ ਚੁੱਕਿਆ ਹੈ। ਡੇਰਾ ਮੁਖੀ ਨੇ ਡੇਰਾ ਸਿਰਸਾ ਵਿਖੇ ਪਹੁੰਚਦਿਆਂ ਹੀ ਆਪਣੇ ਪੈਰੋਕਾਰਾਂ ਨੂੰ ਵੀਡੀਓ ਰਾਹੀਂ ਸੰਦੇਸ਼ ਵੀ ਦੇ ਦਿੱਤਾ ਹੈ। ਡੇਰਾ ਮੁਖੀ ਨੇ ਪੈਰੋਕਾਰਾਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਡੇਰਾ ਸਿਰਸਾ ਵਿਖੇ ਨਾ ਆਉਣ ਅਤੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ। ਜਾਣਕਾਰੀ ਅਨੁਸਾਰ ਪੱਤਰਕਾਰ ਛਤਰਪਤੀ ਅਤੇ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਸੁਨਾਰੀਆ ਜੇਲ ਵਿੱਚ ਬੰਦ ਡੇਰਾ ਮੁਖੀ ਨੂੰ ਹੁਣ ਫੇਰ 40 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਉਹ ਅੱਜ ਸਵੇਰੇ ਸੁਰੱਖਿਆ ਪ੍ਰਬੰਧਾਂ ਤਹਿਤ ਜੇਲ ਵਿੱਚੋਂ ਬਾਹਰ ਆ ਕੇ ਡੇਰਾ ਪਹੁੰਚ ਚੁੱਕਿਆ ਹੈ। ਹਰਿਆਣਾ ਸਰਕਾਰ ਨੇ ਡੇਰਾ ਮੁਖੀ ਨੂੰ ਸਾਲ 2025 ਵਿੱਚ ਹੁਣ ਤੱਕ 91 ਦਿਨਾਂ ਦੀ ਛੁੱਟੀ ਦਿੱਤੀ ਜਾ ਚੁੱਕੀ ਹੈ, ਪਹਿਲੀ ਛੁੱਟੀ 28 ਜਨਵਰੀ ਤੋਂ 27 ਫਰਵਰੀ ਤੱਕ ਦਿੱਤੀ ਗਈ, ਦੂਜੀ ਛੁੱਟੀ 9 ਅਪ੍ਰੈਲ ਤੋਂ 30 ਅਪ੍ਰੈਲ ਤੱਕ ਦਿੱਤੀ ਗਈ, ਤੀਜੀ ਵਾਰ 5 ਅਗਸਤ ਤੋਂ 13 ਸਤੰਬਰ ਤੱਕ ਛੁੱਟੀ ਦਿੱਤੀ ਗਈ ਅਤੇ ਹੁਣ ਫਿਰ ਛੁੱਟੀ ਦਿੱਤੀ ਗਈ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਇਹਨਾਂ 40 ਦਿਨਾਂ ਦੀ ਛੁੱਟੀ ਦੌਰਾਨ ਡੇਰਾ ਮੁਖੀ ਆਪਣਾ ਜਨਮ ਦਿਨ ਵੀ ਡੇਰਾ ਸਿਰਸਾ ਵਿਖੇ ਹੀ ਮਨਾਉਣਗੇ ਜਿਸ ਲਈ ਪੈਰੋਕਾਰਾਂ ਵੱਲੋਂ ਵੀ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਡੇਰੇ ਦੇ ਬੁਲਾਰੇ ਸਤਿੰਦਰ ਕੁਮਾਰ ਨੇ ਕਿਹਾ ਕਿ ਜੇਲ ਨਿਯਮਾਂ ਤਹਿਤ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਰਹੀ ਹੈ ਜੋ ਉਹਨਾਂ ਦਾ ਸੰਵਿਧਾਨ ਹੱਕ ਵੀ ਹੈ। ਮੁਖੀ ਨੂੰ ਵਾਰ-ਵਾਰ ਪੈਰੋਲ ਦੇਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਪੰਥਕ ਧਿਰਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ।

Posted inUncategorized