ਮਾਨਸਾ, 9 ਅਗਸਤ (ਰਵਿੰਦਰ ਸ਼ਰਮਾ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਇਕ ਵੱਡਾ ਖੁਲਾਸਾ ਕਰਦਿਆਂ ਸਾਬਕਾ ਮੈਨੇਜਰ ਬੰਟੀ ਬੈਂਸ ‘ਤੇ 37 ਕਰੋੜ ਰੁਪਏ ਤੋਂ ਵੱਧ ਦੀ ਹੇਰਫੇਰ ਦੇ ਦੋਸ਼ ਲਗਾਏ ਹਨ। ਮਾਤਾ ਚਰਨ ਕੌਰ ਨੇ ਪੰਜਾਬ ਦੇ ਡੀ.ਜੀ.ਪੀ. ਨੂੰ ਲਿਖਤੀ ਸ਼ਿਕਾਇਤ ਦੇ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਚਰਨ ਕੌਰ ਦੇ ਮੁਤਾਬਕ, ਸਿੱਧੂ ਦੀ ਹੱਤਿਆ ਤੱਕ ਬੰਟੀ ਬੈਂਸ ਸਾਰੇ ਪ੍ਰੋਗਰਾਮਾਂ ਅਤੇ ਲੈਣ-ਦੇਣ ਦਾ ਇੰਚਾਰਜ ਸੀ। ਮੌਤ ਤੋਂ ਬਾਅਦ ਵੀ ਦੇਸ਼-ਵਿਦੇਸ਼ ‘ਚ ਹੋਣ ਵਾਲੇ ਇਵੈਂਟਾਂ ਦਾ ਹਿਸਾਬ ਉਸ ਕੋਲ ਹੀ ਸੀ।
ਪਰਿਵਾਰ ਦਾ ਕਹਿਣਾ ਹੈ ਕਿ ਕਈ ਵਾਰ ਪੈਸਿਆਂ ਦਾ ਹਿਸਾਬ ਮੰਗਿਆ ਗਿਆ ਪਰ ਬੰਟੀ ਹਮੇਸ਼ਾ ਟਾਲਦਾ ਰਿਹਾ। ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਦਾ ਦਾਅਵਾ ਹੈ ਕਿ ਰਿਕਾਰਡ ਮੁਤਾਬਕ ਇਹ ਰਕਮ 37 ਕਰੋੜ ਤੋਂ ਘੱਟ ਨਹੀਂ, ਹਾਲਾਂਕਿ ਅਸਲ ਵਿੱਚ ਇਹ ਹੋਰ ਵੀ ਵੱਧ ਹੋ ਸਕਦੀ ਹੈ।
ਦੂਜੇ ਪਾਸੇ ਬੰਟੀ ਬੈਂਸ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਅਤੇ ਗੁਰਪ੍ਰੀਤ ਸਿੰਘ ਸਿਰਫ਼ ਸਿੱਧੂ ਦੇ ਸਲਾਹਕਾਰ ਸਨ, ਲੈਣ-ਦੇਣ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਸ ਨੇ ਖੁਲਾਸਾ ਕੀਤਾ ਕਿ ਸਿੱਧੂ ਦਾ ਸਿੰਘਾਪੁਰ ਦੀ ਇਕ ਕੰਪਨੀ ਨਾਲ 1 ਅਰਬ ਰੁਪਏ ਤੋਂ ਵੱਧ ਦਾ ਐਗਰੀਮੈਂਟ ਸੀ, ਜਿਸ ਵਿੱਚੋਂ ਪਰਿਵਾਰ ਨੂੰ 80% ਰਕਮ ਪਹਿਲਾਂ ਹੀ ਮਿਲ ਚੁੱਕੀ ਹੈ ਅਤੇ ਬਾਕੀ ਕਿਸ਼ਤਾਂ ਵਿੱਚ ਆਉਣੀ ਹੈ।
