– 2 ਲੱਖ ਹੋਰ ਮੰਗ ਰਹੀਆਂ ਸਨ ਮੁਲਜ਼ਮ ਔਰਤਾਂ, ਪੀੜ੍ਹਤ ਹਨ ਔਰਤਾਂ ਦੇ ਜਾਣਕਾਰ
ਬਰਨਾਲਾ, 9 ਅਗਸਤ (ਰਵਿੰਦਰ ਸ਼ਰਮਾ) : ਬਰਨਾਲਾ ‘ਚ ਤਿੰਨ ਔਰਤਾਂ ਵੱਲੋਂ ਵੀਡੀਓ ਬਣਾ ਕੇ 2 ਵਿਅਕਤੀਆਂ ਤੋਂ 5 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ ਔਰਤਾਂ ਦੇ ਜਾਣਕਾਰ ਦੱਸੇ ਜਾ ਰਹੇ ਹਨ। ਇਹ ਜਾਣਕਾਰੀ ਸਿਟੀ ਥਾਣਾ-2 ਦੇ ਐਸਐਚਓ ਇੰਸਪੈਕਟਰ ਚਰਨਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਪਿੰਡ ਹੇੜੀਕੇ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੈ। ਮੁਲਜ਼ਮ ਔਰਤਾਂ ਦੀ ਪਛਾਣ ਸ਼ਿੰਦਰ ਕੌਰ (ਹੇੜੀਕੇ), ਸਰਬਜੀਤ ਕੌਰ ਅਤੇ ਹਰਜੀਤ ਕੌਰ (ਸ਼ੇਰਪੁਰ) ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੁਲਜ਼ਮ ਔਰਤਾਂ ਨਾਲ ਜਾਣ-ਪਛਾਣ ਸੀ। ਔਰਤਾਂ ਨੇ ਉਨ੍ਹਾਂ ਨੂੰ ਬਰਨਾਲਾ ਬੁਲਾਇਆ ਸੀ। ਉਹ ਆਪਣੇ ਦੋਸਤ ਗੁਰਪ੍ਰੀਤ ਸਿੰਘ ਨਾਲ ਬਰਨਾਲਾ ਆ ਗਿਆ। ਇਸ ਦੌਰਾਨ ਮੁਲਜ਼ਮ ਔਰਤਾਂ ਉਨ੍ਹਾਂ ਨੂੰ ਇੱਕ ਘਰ ‘ਚ ਲੈ ਗਈਆਂ। ਉੱਥੇ ਉਨ੍ਹਾਂ ਨੇ ਉਨ੍ਹਾਂ ਦੀ ਵੀਡੀਓ ਬਣਾ ਲਈ ਅਤੇ ਵਾਇਰਲ ਕਰਨ ਦੀ ਧਮਕੀ ਦਿੱਤੀ। ਇਸ ਦੌਰਾਨ ਔਰਤਾਂ ਨੇ ਕੁਲਵਿੰਦਰ ਤੋਂ 13,000 ਰੁਪਏ ਅਤੇ ਗੁਰਪ੍ਰੀਤ ਤੋਂ 7,000 ਰੁਪਏ ਜ਼ਬਰਨ ਲੈ ਲਏ। ਇਸ ਤੋਂ ਬਾਅਦ ਉਨ੍ਹਾਂ ਨੇ 5 ਲੱਖ ਰੁਪਏ ਹੋਰ ਮੰਗੇ। ਬਦਨਾਮੀ ਦੇ ਡਰੋਂ ਉਨ੍ਹਾਂ ਨੇ ਔਰਤਾਂ ਨੂੰ ਪੈਸੇ ਦੇ ਦਿੱਤੇ। ਇਸ ‘ਤੇ ਉਨ੍ਹਾਂ ਦਾ ਲਾਲਚ ਖ਼ਤਮ ਨਹੀਂ ਹੋਇਆ। ਉਹ 2 ਲੱਖ ਰੁਪਏ ਹੋਰ ਮੰਗਣ ਲੱਗੀਆਂ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਤਿੰਨਾਂ ਔਰਤਾਂ ਖ਼ਿਲਾਫ਼ ਬਲੈਕਮੇਲਿੰਗ, ਧਮਕੀਆਂ ਦੇਣ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਔਰਤਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ। ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਤਿੰਨ ਹੀ ਔਰਤਾਂ ਹਨ ਜਾਂ ਇਨ੍ਹਾਂ ਦਾ ਕੋਈ ਗਿਰੋਹ ਹੈ। ਜੇ ਕੋਈ ਗਿਰੋਹ ਹੈ ਤਾਂ ਹੁਣ ਤੱਕ ਕਿੰਨੇ ਲੋਕਾਂ ਨੂੰ ਬਲੈਕਮੇਲ ਕਰਕੇ ਪੈਸੇ ਠੱਗ ਚੁੱਕਾ ਹੈ।
15 ਦਿਨ ਪਹਿਲਾਂ ਵੀ ਪੁਲਿਸ ਨੇ ਲੁਟੇਰਾ ਗਿਰੋਹ ਨੂੰ ਕੀਤਾ ਸੀ ਗ੍ਰਿਫ਼ਤਾਰ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਨੇ ਬਰਨਾਲਾ ‘ਚ ਪੁਲਿਸ ਨੇ ਇੱਕ ਅੰਤਰਰਾਜੀ ਲੁਟੇਰੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਤੋਂ ਲੁੱਟੀ ਗਈ ਨਕਦੀ ਵੀ ਬਰਾਮਦ ਕੀਤੀ ਸੀ। 3 ਜੁਲਾਈ ਨੂੰ ਕਿਰਨਾ ਰਾਣੀ ਗੋਲਡ ਲੋਨ ਕਰਵਾ 2 ਲੱਖ 30 ਹਜ਼ਾਰ ਰੁਪਏ ਲੈ ਕੇ ਪੁੱਤਰ ਰੋਹਿਤ ਕੁਮਾਰ ਨਾਲ ਸਕੂਟੀ ‘ਤੇ ਬਡਰੁਖਾਂ ਜਾ ਰਹੀ ਸੀ। ਧਨੌਲਾ ‘ਚ ਪਿੱਛੋਂ ਆਏ ਦੋ ਬਾਈਕ ਸਵਾਰਾਂ ਨੇ ਉਨ੍ਹਾਂ ਨੂੰ ਰੋਕ ਕੇ ਰਸਤਾ ਪੁੱਛਿਆ। ਜਿਵੇਂ ਹੀ ਕਿਰਨਾ ਰਾਣੀ ਅਤੇ ਪੁੱਤਰ ਰਸਤਾ ਦੱਸਣ ਲੱਗੇ ਤਾਂ ਮੁਲਜ਼ਮ ਪੈਸੇ ਖੋਹ ਕੇ ਫ਼ਰਾਰ ਹੋ ਗਏ ਸਨ। ਪੀੜਤਾਂ ਨੇ ਮੁਲਜ਼ਮਾਂ ਦੀ ਬਾਈਕ ਦਾ ਨੰਬਰ ਨੋਟ ਕਰ ਲਿਆ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਸਾਹਿਦ ਆਲਮ, ਇਕਰਾਮ ਹੁਸੈਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਵਿਆਹ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲਾ ਗਿਰੋਹ ਬੇਨਕਾਬ, ਤਿੰਨ ਗ੍ਰਿਫ਼ਤਾਰ
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਲਿਸ ਨੇ 11 ਜੁਲਾਈ ਨੂੰ ਵਿਆਹ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਚਾਰ ਔਰਤਾਂ ਸਮੇਤ ਪੰਜ ਲੋਕਾਂ ‘ਤੇ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸਾਰੇ ਮੁਲਜ਼ਮ ਲੁਧਿਆਣਾ ਦੇ ਰਹਿਣ ਵਾਲੇ ਸਨ। ਪਿੰਡ ਚੀਮਾ ਦੇ ਗੁਰਜੰਟ ਸਿੰਘ ਨੇ ਪੁਲਿਸ ‘ਚ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੇ ਪੁੱਤਰ ਦੇ ਵਿਆਹ ਲਈ ਲੁਧਿਆਣਾ ਦੀ ਪਰਮਜੀਤ ਕੌਰ ਨੇ ਉਨ੍ਹਾਂ ਨੂੰ ਜਲੰਧਰ ‘ਚ ਕੁੜੀ ਦਿਖਾਈ ਜਿਸ ਦਾ ਨਾਂ ਰਮਨਜੋਤ ਦੱਸਿਆ। ਵਿਆਹ ਕਰਵਾਉਣ ਲਈ ਪਰਮਜੀਤ ਕੌਰ ਨੇ ਇੱਕ ਲੱਖ ਰੁਪਏ ਲਏ। ਵਿਆਹ ਵੀ ਹੋ ਗਿਆ। ਕੁਝ ਦਿਨ ਬਾਅਦ ਪਰਿਵਾਰ ਨੂੰ ਸ਼ੱਕ ਹੋਇਆ। ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਵਿਆਹ ਫ਼ਰਜ਼ੀ ਸੀ। ਕੁੜੀ ਦਾ ਨਾਂ ਵੀ ਝੂਠਾ ਸੀ। ਅਸਲੀ ਨਾਂ ਪ੍ਰਿਅੰਕਾ ਸੀ। ਪੁਲਿਸ ਨੇ ਪ੍ਰਿਅੰਕਾ, ਉਸ ਦੀ ਫ਼ਰਜ਼ੀ ਮਾਂ ਬਣੀ ਪਿੰਕੀ ਅਤੇ ਰਾਧੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
