ਲੁਧਿਆਣਾ, 10 ਅਗਸਤ (ਰਵਿੰਦਰ ਸ਼ਰਮਾ) : ਲੁਧਿਆਣਾ ਦੇ ਜੋਧਾਂ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਦੇ ਵਿੱਚ ਕਿਸਾਨਾਂ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ। ਇਸ ਮਹਾਂ ਰੈਲੀ ਵਿੱਚ ਪੰਜਾਬ ਅਤੇ ਹਰਿਆਣੇ ਸਣੇ ਹੋਰ ਕਈ ਸੂਬਿਆਂ ਦੇ ਕਿਸਾਨਾ ਨੇ ਹਿੱਸਾ ਲਿਆ। ਇਸ ਦੌਰਾਨ ਲੈਂਡ ਪੂਲਿੰਗ ਦੇ ਨਾਲ ਐਮਐਸਪੀ ਦੀ ਮੰਗ ਅਤੇ ਸਰਕਾਰ ਵੱਲੋਂ ਪੱਕੇ ਮੋਰਚੇ ਦੌਰਾਨ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਸਬੰਧੀ ਚਰਚਾ ਕੀਤੀ ਗਈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ “25 ਅਗਸਤ ਨੂੰ ਅਸੀਂ ਦਿੱਲੀ ਦੇ ਵਿੱਚ ਇੱਕ ਦਿਨ ਦਾ ਵੱਡਾ ਐਕਸ਼ਨ ਕਰਨ ਜਾ ਰਹੇ ਹਾਂ। ਜਿਸ ਦੇ ਤਹਿਤ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਉਨ੍ਹਾਂ ਨੂੰ ਸਖਤ ਸੁਨੇਹਾ ਦਿੱਤਾ ਜਾਵੇਗਾ। ਪੰਜਾਬ ਦਾ ਕਿਸਾਨ ਕਿਸੇ ਵੀ ਕੀਮਤ ਉੱਤੇ ਸਰਕਾਰ ਨੂੰ ਇੱਕ ਇੰਚ ਵੀ ਜ਼ਮੀਨ ਨਹੀਂ ਦੇਵਾਂਗੇ। ਜ਼ਮੀਨ ਪਿੱਛੇ ਭਰਾ ਆਪਣੇ ਹੀ ਭਰਾ ਦਾ ਕਤਲ ਕਰ ਦਿੰਦਾ ਹੈ ਤਾਂ ਕਿਸਾਨ ਸਰਕਾਰ ਨੂੰ ਜ਼ਮੀਨ ਕਿਵੇਂ ਦੇ ਦੇਵੇਗਾ, ਇਹ ਬੜੀ ਹੈਰਾਨੀ ਵਾਲੀ ਗੱਲ ਹੈ।”

Posted inਲੁਧਿਆਣਾ