ਬਰਨਾਲਾ, 10 ਅਗਸਤ (ਰਵਿੰਦਰ ਸ਼ਰਮਾ) : ਬਰਨਾਲਾ ਦੇ ਧਨੌਲਾ ਰੋਡ ’ਤੇ ਦਸਮੇਸ਼ ਨਗਰ, ਗਿੱਲ ਕਲੋਨੀ, ਵਾਰਡ ਨੰਬਰ 15 ਗਲੀ ਨੰਬਰ 10 ਦੇ ਵਸਨੀਕ ਅੱਜ ਕੱਲ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ। ਜ਼ਿਕਰਯੋਗ ਹੈ ਕਿ ਪਿਛਲੇ ਇੱਕ ਹਫਤੇ ਤੋਂ ਸਫਾਈ ਸੇਵਕ ਹੜਤਾਲ ਤੇ ਹਨ। ਜਿਸ ਕਰਕੇ ਸਫਾਈ ਨਾ ਹੋਣ ਕਰਕੇ ਸੀਵਰੇਜ ਬੰਦ ਹੋ ਗਏ ਹਨ ਅਤੇ ਸੀਵਰੇਜ ਦਾ ਗੰਦਾ ਪਾਣੀ ਜਿੱਥੇ ਗਲੀਆਂ ਵਿੱਚ ਘੁੰਮ ਰਿਹਾ ਉਥੇ ਘਰਾਂ ਦੀਆਂ ਫਲੱਸਾਂ ਵਿੱਚ ਵੀ ਗੰਦਾ ਪਾਣੀ ਵਾਪਸ ਆ ਰਿਹਾ ਹੈ ਸੀਵਰੇਜ ਦੇ ਗੰਦੇ ਪਾਣੀ ਦੀ ਮਾਰ ਰਹੀ ਭੈੜੀ ਬਦਬੂ ਕਾਰਨ ਜਿੱਥੇ ਘਰਾਂ ਵਾਲਿਆ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ । ਉਥੇ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ ਕਿਉਂਕਿ ਅੱਜ ਕੱਲ ਡੇਂਗੂ ਦਾ ਪ੍ਰਕੋਪ ਚੱਲ ਰਿਹਾ ਅਤੇ ਖੜੇ ਪਾਣੀ ਵਿੱਚ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਹੈ । ਇਸ ਕਰਕੇ ਘਰਾਂ ਵਾਲੇ ਕਿਸੇ ਭਿਆਨਕ ਬਿਮਾਰੀ ਦੀ ਲਪੇਟ ਵਿਚ ਆ ਸਕਦੇ ਹਨ। ਵਾਰਡ ਨੰਬਰ 15 ਗਲੀ ਨੰਬਰ 10 ਗਿੱਲ ਕਲੋਨੀ ਦੇ ਵਸਨੀਕਾਂ ਨੇ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਇਸ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ । ਸੀਵਰੇਜ ਦੀ ਸਫਾਈ ਕਰਵਾ ਕੇ ਘਰਾਂ ਵਾਲਿਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਵਾਈ ਜਾਵੇ। ਜਦੋਂ ਵਾਰਡ ਦੇ ਐਮ ਸੀ ਧਰਮ ਸਿੰਘ ਫੌਜੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਫਾਈ ਸੇਵਕਾਂ ਦੀ ਹੜਤਾਲ ਚੱਲ ਰਹੀ ਹੈ ਇਹਨਾਂ ਦੇ ਕੋਈ ਜਰੂਰੀ ਮਸਲੇ ਹਨ। ਸਰਕਾਰ ਦੀ ਨਲਾਇਕੀ ਹੈ ਜੋ ਇਹਨਾਂ ਨੂੰ ਮੀਟਿੰਗ ਦਾ ਸਮਾਂ ਨਹੀਂ ਦੇ ਰਹੀ ਜਿਸ ਕਰਕੇ ਇਹ ਸਮੱਸਿਆ ਆਈ ਹੈ। ਉਹਨਾਂ ਕਿਹਾ ਕਿ ਇਕੱਲਾ ਦਸਮੇਸ਼ ਨਗਰ ਨਹੀਂ ਪੂਰੇ ਬਰਨਾਲੇ ਦਾ ਹੀ ਬੁਰਾ ਹਾਲ ਹੋ ਚੁੱਕਿਆ ਹੈ।

Posted inਬਰਨਾਲਾ