– ਡਿਪਟੀ ਕਮਿਸ਼ਨਰ ਟੀ ਬੈਨਿਥ ਲਹਿਰਾਉਣਗੇ ਕੌਮੀ ਝੰਡਾ
– ਫੁੱਲ ਡਰੈੱਸ ਰਿਹਰਸਲ ਦੌਰਾਨ ਮਾਰਚ ਪਾਸਟ, ਸੱਭਿਆਚਾਰਕ ਪੇਸ਼ਕਾਰੀਆਂ ਹੋਈਆਂ
ਬਰਨਾਲਾ, 13 ਅਗਸਤ (ਰਵਿੰਦਰ ਸ਼ਰਮਾ) : ਆਜ਼ਾਦੀ ਦਿਹਾੜੇ ਸਮਾਗਮ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਅੱਜ ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਫੁੱਲ ਡਰੈੱਸ ਰਿਹਰਸਲ ਹੋਈ, ਜਿਸ ਵਿਚ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਐੱਸਐੱਸਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮਹਿਮਾਨ ਨੇ ਪਰੇਡ ਦਾ ਨਿਰੀਖਣ ਕੀਤਾ ਜਿਸ ਦੀ ਅਗਵਾਈ ਪਰੇਡ ਕਮਾਂਡਰ ਡੀਐੱਸਪੀ ਸਤਬੀਰ ਸਿੰਘ ਨੇ ਕੀਤੀ। ਇਸ ਮੌਕੇ ਪੰਜਾਬ ਪੁਲਿਸ ਅਤੇ ਐਨ ਸੀ ਸੀ ਟੁਕੜੀਆਂ ਨੇ ਸ਼ਾਨਦਾਰ ਮਾਰਚ ਪਾਸਟ ‘ਚ ਭਾਗ ਲਿਆ। ਇਸ ਮਗਰੋਂ ਵੱਖ ਵੱਖ ਸਕੂਲਾਂ ਵਲੋਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ।

ਇਸ ਮਗਰੋਂ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਓਨ੍ਹਾਂ ਕਿਹਾ ਕਿ ਸੁਰੱਖਿਆ, ਪਾਰਕਿੰਗ, ਸਮਾਗਮ ‘ਚ ਭਾਗ ਲੈਣ ਵਾਲਿਆਂ ਲਈ ਪਾਣੀ ਦਾ ਪ੍ਰਬੰਧ, ਰਿਫਰੈਸ਼ਮੈਂਟ, ਆਰਜ਼ੀ ਟਾਇਲਟ ਆਦਿ ਸਬੰਧੀ ਕੰਮ ਮੁਕੰਮਲ ਕਰ ਲਏ ਜਾਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸਤਵੰਤ ਸਿੰਘ, ਐੱਸ ਪੀ ਅਸ਼ੋਕ ਕੁਮਾਰ, ਐੱਸ ਪੀ ਰਾਜੇਸ਼ ਛਿੱਬਰ, ਐੱਸ ਡੀ ਐਮ ਬਰਨਾਲਾ ਮੈਡਮ ਸੋਨਮ, ਐੱਸ ਡੀ ਐਮ ਮਹਿਲ ਕਲਾਂ ਸ਼ਿਵਾਂਸ਼ ਰਾਠੀ, ਜ਼ਿਲ੍ਹਾ ਮਾਲ ਅਫ਼ਸਰ ਗੁਰਜਿੰਦਰ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
